ਪਿਛਲੇ ਕੁਝ ਕੁ ਮਹੀਨਿਆਂ ਦੌਰਾਨ ਜਿੰਨੀਆਂ ਵੀ ਖਾਣ-ਪੀਣ ਦੀਆਂ ਵਸਤੂਆਂ ਬਾਜ਼ਾਰ ਵਿਚ ਵਿਕਣ ਆ ਰਹੀਆਂ ਹਨ, ਉਨ੍ਹਾਂ ਦੇ ਇਸ਼ਤਿਹਾਰਾਂ ਵਿਚ ਇਕ ਹੋਰ ਲਫ਼ਜ਼ ‘ਇਮੀਊਨਿਟੀ’ ਨੂੰ ਜੋੜ ਕੇ, ਉਹ ਦੁਬਾਰਾ ਤਿਆਰ ਕਰਕੇ ਪੇਸ਼ ਹੋ ਰਹੇ ਹਨ। ਉਦਾਹਰਨ ਵਜੋਂ ਇਕ ਕੰਪਨੀ ਦਾ ਚਵਨਪ੍ਰਾਸ਼ ਹੈ, ਉਸ ਬਾਰੇ ਟੀਵੀ ਇਸ਼ਤਿਹਾਰ ਹੈ। ‘ਇਸ ਸਾਲ ਦਾ ਮੌਨਸੂਨ ਆਮ ਵਰਗਾ ਨਹੀਂ ਹੈ। ਤੁਹਾਨੂੰ ਚਾਹੀਦੀ ਹੈ, ਵੱਧ ਇਮੀਊਨਿਟੀ।’ ਇਸੇ ਤਰ੍ਹਾਂ ਬੱਚਿਆਂ ਦੇ ਦੁੱਧ ਵਿਚ ਮਿਲਾ ਕੇ ਤਾਕਤ ਅਤੇ ਕੱਦ ਵਧਾਉਣ ਦੇ ਨਾਂ ’ਤੇ ਵਿਕ ਰਹੇ ਪਦਾਰਥ ਜਿਵੇਂ ਬੂਸਟ, ਬੋਰਨਵਿਟਾ ਜਾਂ ਪੀਡੀਆ ਸ਼ਿਉਰ, ਬਾਰੇ ਇਕ ਵਾਕ ਹੈ, ‘ਇਸ ਵਿਚ ਹਨ ਪੱਚੀ ਖੁਰਾਕੀ ਤੱਤ, ਜੋ ਵਧਾਉਣ ਤੁਹਾਡੇ ਬੱਚੇ ਦੀ ਇਮੀਊਨਿਟੀ।’ ਬਜ਼ੁਰਗਾਂ ਦੀ ਥਕਾਵਟ ਲਈ ਕੈਪਸੂਲ, ਉਸ ਵਿਚ ਸ਼ਿਲਾਜੀਤ, ਕੇਸਰ, ਅਸ਼ਵਗੰਧਾ, ਜੋ ਪਹਿਲਾਂ ਸਿਰਫ਼ ਸਟੈਮਿਨਾ ਵਧਾਉਂਦਾ ਸੀ, ਹੁਣ ਇਮੀਊਨਿਟੀ ਵੀ ਵਧਾਉਂਦਾ ਹੈ। ਸਾਰੇ ਪਰਿਵਾਰ ਲਈ ਤੁਲਸੀ-ਗਲੋ ਦੀਆਂ ਬੂੰਦਾਂ ਵੀ ਕੰਮ ਕਰਦੀਆਂ ਹਨ।
ਵੈਸੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰੀਰ ਦੀ ਸੁਰੱਖਿਆ ਪ੍ਰਣਾਲੀ (ਇਮੀਊਨ ਸਿਸਟਮ) ਇਕ ਲਾਜਵਾਬ ਪ੍ਰਣਾਲੀ ਹੈ। ਇਸ ਦਾ ਪੂਰਾ ਤੰਤਰ ਹੈ, ਜਿਸ ਨੂੰ ਹੋਰ ਪ੍ਰਣਾਲੀਆਂ ਵਾਂਗ (ਦਿਲ ਜਾਂ ਸਾਹ) ਹਰ ਵੇਲੇ ਮੁਸਤੈਦੀ ਨਾਲ ਕੰਮ ਕਰਨਾ ਹੁੰਦਾ ਹੈ ਤੇ ਉਸ ਦੇ ਲਈ, ਕਈ ਤਰ੍ਹਾਂ ਦੇ ਤੱਤਾਂ ਦੀ ਲੋੜ ਹੁੰਦੀ ਹੈ।
ਹੁਣ ਘੱਟੋ-ਘੱਟ ਇਸ ਸਿਸਟਮ ਵੱਲ ਤਵੱਜੋ ਦਿੱਤੀ ਗਈ ਹੈ ਤੇ ਆਮ ਲੋਕਾਂ ਦੇ ਮੂੰਹ ’ਤੇ ਵੀ ਇਹ ਚੜ੍ਹਿਆ ਹੈ। ਚਲੋ! ਜਦੋਂ ਜਾਗੇ ਤਦੇ ਸਵੇਰਾ। ਪਰ ਜਾਗਣ ਦਾ ਮਤਲਬ ਹੈ, ਸੁਚੇਤ ਹੋਣ ਤੋਂ। ਇਹ ਨਹੀਂ ਕਿ ਬਾਜ਼ਾਰ ਜੋ ਕਹਿ ਰਿਹਾ ਹੈ, ਉਹੀ ਸੱਚ ਹੈ। ਜਦੋਂਕਿ ਬਾਜ਼ਾਰ ਦੀ ਇਕ ਫ਼ਿਤਰਤ ਹੈ, ਤੁਹਾਡੀ ਕਮਜ਼ੋਰੀ ਨੂੰ ਵੇਚਣਾ ਤੇ ਮੁਨਾਫ਼ਾ ਕਮਾਉਣਾ, ਤੁਹਾਨੂੰ ਗਿਆਨ ਨਾਲ ਜੋੜਨਾ ਨਹੀਂ। ਇਹ ਚਵਨਪ੍ਰਾਸ਼, ਕੈਪਸੂਲ ਜਾਂ ਬੂਸਟ ਆਦਿ ਵਿਚ ਕੋਈ ਬਦਲਾਅ ਨਹੀਂ, ਸਿਰਫ਼ ਤੁਹਾਡੀ ਮਾਨਸਿਕਤਾ ਵਿਚ ਪਏ 6ਸ਼ਬਦ ਇਮੀਊਨਿਟੀ ਨੂੰ ਫੜ ਕੇ ਇਸਤੇਮਾਲ ਕੀਤਾ ਹੈ।
ਬਾਜ਼ਾਰ/ਕਾਰਪੋਰੇਟ ਕੰਪਨੀਆਂ ਦੀ ਫ਼ਿਤਰਤ ਦੇ ਨਾਲ, ਸਾਨੂੰ ਆਪਣੀ ਮਾਨਸਿਕਤਾ ਵੀ ਸਮਝਣੀ ਚਾਹੀਦੀ ਹੈ ਤੇ ਉਸ ’ਤੇ ਧਿਆਨ ਦੇਣਾ ਚਾਹੀਦਾ ਹੈ। ਅਜੋਕੇ ਕਰੋਨਾ ਕਾਲ ਦੌਰਾਨ ਜਦੋਂ ਇਮੀਊਨਿਟੀ ਨੂੰ ਇਕ ਥਾਂ ਮਿਲੀ ਹੈ, ਲੋਕ ਪੁੱਛਦੇ ਹਨ, ‘ਡਾਕਟਰ ਸਾਹਿਬ ਕੋਈ ਇਕ-ਦੋ ਟਿਪਸ ਦੱਸੋ, ਇਮੀਊਨਿਟੀ ਵਧਾਉਣ ਲਈ।’ ਮਤਲਬ ਦੋ-ਚਾਰ ਨੁਕਤੇ। ਇਹ ਟਿਪਸ ਜਾਣਨਾ, ਚੇਤੇ ਰੱਖਣਾ ਜ਼ਰੂਰੀ ਹੈ ਪਰ ਨੁਕਤਿਆਂ ਨੂੰ ਜੇਕਰ ਪੂਰੀ ਵਿਆਖਿਆ ਨਾਲ ਸਮਝਣ ਤੋਂ ਬਾਅਦ ਯਾਦ ਰੱਖਿਆ ਜਾਵੇ ਤਾਂ ਵੱਧ ਕਾਰਗਰ ਹੁੰਦਾ ਹੈ। ਕਈ ਫਿਰ ਸੁਣੇ-ਸੁਣਾਏ ਨੁਕਤਿਆਂ ਬਾਰੇ ਪੁੱਛਦੇ ਹਨ, ‘ਅਦਰਕ, ਹਲਦੀ, ਮਲੱਠੀ, ਠੀਕ ਨੇ, ਕਿਵੇਂ ਵਰਤੀਆਂ ਜਾਣ।’ ਇਨ੍ਹਾਂ ਦਿਨਾਂ ਵਿਚ, ਜਦੋਂ ਇਮੀਊਨਿਟੀ ਨੂੰ ਇਕ ਬਾਜ਼ਾਰ ਮਿਲਿਆ ਹੈ, ਤਾਂ ਇਸ ਦੀ ਓਟ ਵਿਚ ਕਈਆਂ ਨੇ ਜੜ੍ਹੀ-ਬੂਟੀਆਂ ਦੀ ਵਰਤੋਂ ਨੂੰ ਇਮੀਊਨਿਟੀ ਵਧਾਉਣ ਅਤੇ ਰੋਗਾਂ ਦੇ ਟਾਕਰੇ ਦਾ ‘ਰਾਮਬਾਣ’ ਹੀ ਐਲਾਨ ਦਿੱਤਾ ਹੈ। ਮਤਲਬ ਸਾਹ, ਪੇਟ, ਗਲਾ, ਜ਼ੁਕਾਮ ਆਦਿ। ਕਈ ਲੋਕਾਂ, ਜੋ ਅੰਗਰੇਜ਼ੀ ਦਵਾ ਪ੍ਰਣਾਲੀ ਨਾਲ ਜੁੜੇ ਹਨ, ਉਹ ਵਿਟਾਮਿਨ-ਸੀ, ਏ ਅਤੇ ਡੀ ਦਾ ਪ੍ਰਚਾਰ ਰਹੇ ਹਨ। ਖਣਿਜ ਪਦਾਰਥਾਂ ਵਿਚ ਆਇਰਨ, ਕੈਲਸ਼ੀਅਮ ਬਾਰੇ ਤਾਂ ਸਭ ਜਾਣਦੇ ਹਨ, ਹੁਣ ਕੁਝ ਸਮੇਂ ਤੋਂ ਜਿ਼ੰਕ ਨੂੰ ਵੱਡੀ ਮਾਨਤਾ ਮਿਲੀ ਹੈ। ਵਿਟਾਮਿਨਾਂ (ਤਾਕਤ) ਦੇ ਕੈਪਸੂਲਾਂ ਤੇ ਮੋਟਾ-ਮੋਟਾ ਜ਼ੈੱਡ ਪਾਇਆ ਜਾਂਦਾ ਹੈ ਤੇ ਇਸ ਸਾਰੇ ਵੱਡੇ ਗਰੁੱਪ ਨੂੰ ‘ਐਂਟੀਆਕਸੀਡੈਂਟ’ ਦਾ ਨਾਂ ਮਿਲਿਆ ਹੈ ਤੇ ਲੋਕ ਕਾਫ਼ੀ ਖਿੱਚੇ ਵੀ ਗਏ ਹਨ।
ਇਸੇ ਸੰਦਰਭ ਵਿਚ ਇਮੀਊਨਿਟੀ ਨੂੰ ਲੈ ਕੇ ਸਿੱਧੇ ਖਾਦ-ਪਦਾਰਥਾਂ ਤਹਿਤ ਕਣਕ-ਚੌਲ ਨੂੰ ਖ਼ਤਰਨਾਕ ਕਿਹਾ ਜਾ ਰਿਹਾ ਹੈ ਤੇ ਮੋਟਾ ਅਨਾਜ ਜਾਂ ਮਿਲੈਟ (ਦਾਣੇਦਾਰ ਅਨਾਜ) ਜਿਵੇਂ ਕੋਦਰਾ, ਰਾਗੀ, ਬਾਜਰਾ, ਜਵਾਰ ਆਦਿ ਨੂੰ ਪ੍ਰਚਾਰਿਆ ਜਾ ਰਿਹਾ ਹੈ। ਕੋਦਰਾ ਨੂੰ ਵਰਤਣ ਬਾਰੇ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਇਹ ਖਾਣ ਨਾਲ ਤੁਹਾਡੇ ਨੇੜੇ ਕੋਈ ਵੱਡੀ ਤੋਂ ਵੱਡੀ ਬਿਮਾਰੀ ਵੀ ਨਹੀਂ ਆਵੇਗੀ ਤੇ ਜੇ ਬਿਮਾਰ ਹੋ ਤਾਂ ਠੀਕ ਹੋਣੇ ਸ਼ੁਰੂ ਹੋ ਜਾਵੋਗੇ। ਅਨਾਜ ਜਾਂ ਜੜ੍ਹੀ-ਬੂਟੀਆਂ ਬਾਰੇ, ਇਸ ਤਰ੍ਹਾਂ ਦੇ ਦਾਅਵੇ ਅੱਧਾ-ਅਧੂਰਾ ਗਿਆਨ ਹੈ, ਇਹ ਪੂਰਾ ਸੱਚ ਨਹੀਂ ਹੈ। ਸਵਾਂਜਨਾ ਦੇ ਫ਼ਲ ਨੂੰ ਲੈ ਕੇ ਇਸ ਨੂੰ ‘ਸੁਪਰਫੂਡ’ ਕਿਹਾ ਜਾ ਰਿਹਾ ਹੈ। ਸਭ ਤੋਂ ਉੱਪਰ। ਇਸ ਸਬੰਧ ਵਿਚ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਵਿਅਕਤੀ, ਕਿਸੇ ਵੀ ਸੁਪਰਫੂਡ (ਕੋਦਰਾ, ਚਾਹੇ ਸਵਾਂਜਨਾ ਜਾਂ ਬਾਦਾਮ, ਅਖਰੋਟ) ਨਾਲ ਪੂਰਾ ਦਿਨ ਜਾਂ ਪੂਰੀ ਜ਼ਿੰਦਗੀ ਵਧੀਆ-ਸਿਹਤਮੰਦ ਨਹੀਂ ਲੰਘਾ ਸਕਦਾ। ਲੋੜ ਅਨਾਜ ਦੀ ਵੀ ਹੈ, ਦਾਲਾਂ-ਸਬਜ਼ੀਆਂ ਦੀ ਵੀ। ਇਕ ਗੱਲ ਹੋਰ ਸਮਝਣ ਦੀ ਲੋੜ ਹੈ ਕਿ ਕੁਦਰਤ ਵਿਚ ਜੋ ਵੀ ਪੈਦਾ ਹੋ ਰਿਹਾ ਹੈ, ਆਪਣੇ ਕੁਦਰਤੀ ਸਹਿਜ ਰੂਪ ਵਿਚ, ਉਹ ਕੁਦਰਤ ਦੇ ਕਿਸੇ ਨਾ ਕਿਸੇ ਜੀਵਨ ਦੀ ਲੋੜ ਮੁਤਾਬਕ ਹੈ। ਕੁਝ ਜੀਵਨ ਬਨਸਪਤੀ ’ਤੇ ਨਿਰਭਰ ਕਰਦੇ ਹਨ। ਕਿਤੇ ਵੱਡਾ ਜੀਵ, ਛੋਟੇ ਜੀਵ ਨੂੰ ਖਾਂਦਾ ਹੈ ਤੇ ਵੱਡਾ ਹੋਰ ਵੱਡੇ ਦਾ ਸ਼ਿਕਾਰ ਹੁੰਦਾ ਹੈ। ਇਹ ਕੁਦਰਤ ਦਾ ਸੰਤੁਲਨ ਹੈ। ਅਸੀਂ ਕਈ ਵਾਰ ਹਿਰਨਾਂ ਦੇ ਮੁੱਕ ਜਾਣ ਦੀ ਅਤੇ ਸ਼ੇਰਾਂ ਦੀ ਗਿਣਤੀ ਘੱਟ ਜਾਣ ਦੀ ਗੱਲ ਸੁਣਦੇ ਹਾਂ। ਇੱਥੇ ਕੁਦਰਤ ਤੋਂ ਵੱਧ ਮਨੁੱਖ ਦਾ ਦਖਲ ਹੈ। ਇਵੇਂ ਹੀ ਇਹ ਮਨੁੱਖੀ ਦਖਲ, ਕਣਕ-ਚੌਲ ਨਾਲ ਛੇੜਛਾੜ ਸਦਕਾ ਉਸ ਨੂੰ ਹਾਨੀਕਾਰਕ ਬਣਾ ਦਿੰਦਾ ਹੈ। ਵਾਰੀ ਆਪਣੇ ਖਿੱਤੇ ਵਿਚ ਪੈਦਾ ਹੋਇਆ ਅਨਾਜ ਜਾਂ ਹੋਰ ਫ਼ਲ ਸਬਜ਼ੀਆਂ ਵੀ ਬਿਲਕੁਲ ਕੁਦਰਤ ਦੇ ਅਨੁਰੂਪ ਹਨ ਤੇ ਉਨ੍ਹਾਂ ਨੂੰ ਵਰਤਣਾ ਹੀ ਸਿਆਣਪ ਹੈ।
ਪਰ ਗੱਲ ਸਮਝਾਉਣ ਅਤੇ ਪ੍ਰਚਾਰਨ ਵਿਚ ਹਮੇਸ਼ਾ ਹੀ ਫ਼ਾਸਲਾ ਰਹਿੰਦਾ ਹੈ। ਇਕ ਸਾਧਾਰਨ ਜਿਹੀ ਸਥਿਤੀ ਤੋਂ ਗੱਲ ਨੂੰ ਸਮਝਦੇ ਹਾਂ। ਸਾਡੇ ਦੇਸ਼ ਵਿਚ ਖ਼ੂਨ ਦੀ ਘਾਟ (ਅਨੀਮੀਆ) ਬਹੁਤ ਵੱਡੀ ਸਮੱਸਿਆ ਰਿਹਾ ਹੈ ਤੇ ਅਜੇ ਵੀ ਬਣਿਆ ਹੋਇਆ ਹੈ।
ਅਨੀਮੀਆ ਮੁਕਤੀ ਪ੍ਰੋਗਰਾਮ ਤਹਿਤ ਪਿਛਲੇ 50 ਸਾਲਾਂ ਤੋਂ ਵੀ ਵੱਧ (40 ਸਾਲ ਦਾ ਤਾਂ ਮੈਂ ਖ਼ੁਦ ਗਵਾਹ ਹਾਂ) ਆਇਰਨ-ਫੋਲਿਕ ਐਸਿਡ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਇਹ ਵੀ ਆਪਾਂ ਜਾਣਦੇ ਹਾਂ ਕਿ ਖ਼ੂਨ ਦੀ ਗੁਣਵੱਤਾ ਜਾਣਨ ਲਈ ਇਕ ਆਮ ਟੈਸਟ ਹੈ, ਹੀਮੋਗਲੋਬਿਨ (ਐਚ.ਬੀ.) ਬਾਰੇ ਜਾਣਨਾ। ਇਸ ਦੇ ਦੋ ਤੱਤ ਹਨ, ਹੀਮ ਅਤੇ ਗਲੋਬਿਨ। ਹੀਮ ਹੈ ਆਇਰਨ ਜੋ ਦੇ ਰਹੇ ਹਾਂ ਅਤੇ ਗਲੋਬਿਨ ਹੈ ਪ੍ਰੋਟੀਨ ਜੋ ਖੁਰਾਕ ਤੋਂ ਮਿਲਦਾ ਹੈ, ਉਸ ਦੀ ਸਥਿਤੀ ਤੋਂ ਆਪਾਂ ਸਾਰੇ ਜਾਣੂ ਹਾਂ।
ਇਸ ਦਾ ਦੂਸਰਾ ਪਾਸਾ ਸਮਝੋ। ਸਭ ਨੂੰ ਸਾਰਾ ਕੁਝ ਮਿਲ ਰਿਹਾ ਹੈ। ਵਧੀਆ ਅਨਾਜ, ਦਾਲਾਂ, ਦੁੱਧ, ਫ਼ਲ, ਸਬਜ਼ੀਆਂ ਤੇ ਉਸ ਦੇ ਸਰੀਰਕ ਰਸਾਇਣਾਂ ਦਾ ਪੈਮਾਨਾ (ਟੈਸਟ) ਸਭ ਠੀਕ ਹਨ, ਪਰ ਆਦਮੀ ਸਵੇਰ ਤੋਂ ਸ਼ਾਮ ਤੱਕ ਇਕ ਕੁਰਸੀ ’ਤੇ ਬੈਠ ਕੇ ਆ ਜਾਂਦਾ ਹੈ। ਉਥੇ ਇਮੀਊਨ ਸਿਸਟਮ ਵਧਿਆ ਨਹੀਂ ਹੁੰਦਾ, ਨਾ ਹੀ ਹੋ ਸਕਦਾ ਹੈ। ਮੰਨ ਲਓ, ਇਕ ਵਿਅਕਤੀ ਜਿੰਮ ਵੀ ਜਾਂਦਾ ਹੈ, ਵਧੀਆ ਖਾ-ਪੀ ਰਿਹਾ ਹੈ ਪਰ ਆਪਣੇ ਕੰਮ ਵਾਲੀ ਥਾਂ ’ਤੇ ਮੈਨੇਜਰ/ਬਾਸ/ਮਾਲਕ ਤੋਂ ਪ੍ਰੇਸ਼ਾਨ ਹੈ। ਇਹ ਵੀ ਹੋ ਸਕਦਾ ਹੈ, ਮਾਲਕ ਵਧੀਆ ਹੋਵੇ ਪਰ ਘਰੇ ਪਤੀ-ਪਤਨੀ ਵਿਚ ਅਣਬਣ ਰਹਿੰਦੀ ਹੈ। ਸਭ ਕੁਝ ਠੀਕ ਹੈ ਪਰ ਫੈਕਟਰੀ ਦੇ ਅੰਦਰ ਇੰਨਾ ਜ਼ਿਆਦਾ ਪ੍ਰਦੂਸ਼ਣ ਹੈ। ਫਿਰ ਕੀ ਕਰੋਗੇ।
ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਯੋਗਾ ਹਰ ਬਿਮਾਰੀ ਦਾ ਇਲਾਜ ਹੁੰਦਾ ਤਾਂ ਰਾਮਦੇਵ ਦੀ ਦਵਾਈ ਸਨਅਤ ਇੰਨੀ ਵੱਡੀ ਨਾ ਹੁੰਦੀ। ਉਨ੍ਹਾਂ ਨੂੰ ਸਿਹਤਮੰਦ ਆਟਾ, ਨਮਕ, ਦਾਲਾਂ, ਬੇਸਣ, ਕਿਉਂ ਵੇਚਣੇ ਪੈ ਰਹੇ ਹਨ।
ਸੰਤੁਲਨ, ਅਨੁਪਾਤ, ਸਮੁੱਚਤਾ ਅਤੇ ਇਨ੍ਹਾਂ ਦਾ ਅੱਗੋਂ ਬਰਾਬਰਤਾ ਦਾ ਸਿਧਾਂਤ ਹੈ ਤੇ ਸਭ ਤੋਂ ਵੱਧ ਲਗਾਤਾਰਤਾ ਹੀ ਮੂਲ ਕੇਂਦਰੀ ਨੁਕਤਾ ਹੈ- ਸਰੀਰ ਦੀ ਸੁਰੱਖਿਆ ਪ੍ਰਣਾਲੀ (ਇਮੀਊਨਿਟੀ) ਨੂੰ ਮਜ਼ਬੂਤ ਕਰਨ ਲਈ, ਨਾ ਕੇ, ਇਕ-ਇਕ ਤੱਤ ਨੂੰ ਤੋੜ ਕੇ, ਉਸ ਦੇ ਗੁਣ ਗਾਉਣ ਵਿਚ।
ਡਾ. ਸ਼ਿਆਮ ਸੁੰਦਰ ਦੀਪਤੀ ਸੰਪਰਕ: 98158-08506