ਨੀਰਵ ਤੇ ਮੇਹੁਲ ਦੇ 1350 ਕਰੋੜ ਦੇ ਹੀਰੇ ਹਾਂਗਕਾਂਗ ਤੋਂ ਭਾਰਤ ਪਹੁੰਚੇ

0
584

ਹਾਂਗਕਾਂਗ/ਨਵੀਂ ਦਿੱਲੀ (ਏਜੰਸੀ): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਬੈਂਕ ਧੋਖਾਧੜੀ ਦੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਈਡੀ ਹਾਂਗਕਾਂਗ ਤੋਂ 23 ਕਿਲੋ ਵਜ਼ਨੀ ਤਰਾਸ਼ੇ ਹੋਏ ਹੀਰੇ ਤੇ ਮੋਤੀ ਭਾਰਤ ਲੈ ਕੇ ਆਇਆ ਹੈ। 1350 ਕਰੋੜ ਰੁਪਏ ਕੀਮਤ ਦੇ ਇਹ ਹੀਰੇ-ਮੋਤੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀਆਂ ਕੰਪਨੀਆਂ ਨਾਲ ਸਬੰਧਤ ਹਨ। ਦੋਵੇਂ ਮੁਲਜ਼ਮ ਭਗੌੜੇ ਹਨ। ਨੀਰਵ ਅਜੇ ਲੰਡਨ ‘ਚ ਹਨ ਤੇ ਉਸ ‘ਤੇ ਕਾਰਵਾਈ ਚੱਲ ਰਹੀ ਹੈ।

ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਈਆਂ
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਗੌੜੇ ਨੀਰਵ ਮੋਦੀ ਤੇ ਮੇਹੁਲ ਚੌਕਸੀ ਦੀਆਂ ਕੰਪਨੀਆਂ ਦੇ ਹੀਰੇ ਤੇ ਮੋਤੀ 108 ਖੇਪ ‘ਚ ਮੁੰਬਈ ਲਿਆਂਦੇ ਗਏ। ਇਨ੍ਹਾਂ ‘ਚੋਂ 32 ਖੇਪ ਨੀਰਵ ਮੋਦੀ ਵੱਲੋਂ ਵਿਦੇਸ਼ਾਂ ‘ਚ ਸਥਿਤ ਕੰਪਨੀਆਂ ਦੀ ਹੈ। ਬਾਕੀ ਖੇਪ ਮੇਹੁਲ ਚੋਕਸੀ ਦੀਆਂ ਕੰਪਨੀਆਂ ਦੀ ਹੈ। ਇਨ੍ਹਾਂ ਖੇਪਾਂ ‘ਚ ਹੀਰੇ-ਮੋਤੀ ਦੇ ਨਾਲ ਚਾਂਦੀ ਦੇ ਗਹਿਣੇ ਵੀ ਹਨ। ਇਨ੍ਹਾਂ ਸਭ ਦੀ ਕੁੱਲ ਕੀਮਤ 1350 ਕਰੋੜ ਰੁਪਏ ਹੈ। ਈਡੀ ਨੇ ਹਾਂਗਕਾਗ ਤੋਂ ਇਨ੍ਹਾਂ ਬੇਸ਼ਕੀਮਤੀ ਚੀਜ਼ਾਂ ਨੂੰ ਭਾਰਤ ਲਿਆਉਣ ਲਈ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰ ਲਈ ਹੈ।

ਦੋਵਾਂ ਖ਼ਿਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਚੱਲ ਰਹੀ ਹੈ ਜਾਂਚ
14000 ਹਜ਼ਾਰ ਕਰੋੜ ਦੇ ਪੀਐੱਨਬੀ ਬੈਂਕ ਘੋਟਾਲਾ ਮਾਮਲੇ ‘ਚ ਈਡੀ ਵੱਲੋਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਜਾਂਚ ਕੀਤੀ ਜਾ ਰਹੀ ਹੈ। ਇਸੇ ਐਕਟ ਤਹਿਤ ਹੀ ਈਡੀ ਨੇ ਨੀਰਵ ਮੋਦੀ ਤੇ ਹੋਰ ਮੇਹੁਲ ਚੋਕਸੀ ਦੀਆਂ ਕੰਪਨੀਆਂ ਦੀ ਇਹ ਬੇਸ਼ਕੀਮਤੀ ਚੀਜ਼ਾਂ ਜ਼ਬਤ ਕੀਤੀਆਂ ਹਨ।