ਹਾਕੀ ਦੇ ਬਲਬੀਰਾਂ ਦੀ ਗਾਥਾ

0
434

ਹਾਕੀ ਖੇਡ ਵਿਚ ਬਲਬੀਰ ਨਾਂ ਨੂੰ ਹੀ ਬਖ਼ਸ਼ਿਸ਼ ਰਹੀ ਹੈ। ਜਿੰਨੇ ਬਲਬੀਰ ਹਾਕੀ ਖੇਡ ਨੇ ਦਿੱਤੇ ਹਨ, ਉੁਨੇ ਬਾਕੀ ਸਾਰੀਆਂ ਖੇਡਾਂ ਨੇ ਮਿਲਾ ਕੇ ਵੀ ਨਹੀਂ ਦਿੱਤੇ ਹੋਣੇ। ਹਾਕੀ ਖੇਡ ਸਭ ਤੋਂ ਵੱਡੇ ਬਲਬੀਰ ਤੋਂ ਵਾਂਝੀ ਹੋ ਗਈ ਜਿਸ ਨੂੰ ਬਲਬੀਰ ਸਿੰਘ ਸੀਨੀਅਰ ਕਿਹਾ ਜਾਂਦਾ ਹੈ। ਫਰਵਰੀ ਮਹੀਨੇ ਹੀ ਸੰਸਾਰਪੁਰ ਵਾਲੇ ਬਲਬੀਰ ਸਿੰਘ ਕੁਲਾਰ ਦਾ ਦੇਹਾਂਤ ਹੋਇਆ ਸੀ ਜਿਸ ਨੂੰ ਬਲਬੀਰ ਸਿੰਘ ਜੂਨੀਅਰ ਕਹਿੰਦੇ ਸਨ। ਆਮ ਲੋਕਾਂ ਨੂੰ ਅਕਸਰ ਭੁਲੇਖਾ ਪੈ ਜਾਂਦਾ ਕਿ ਕਿਹੜੇ ਬਲਬੀਰ ਦੀ ਗੱਲ ਚੱਲ ਰਹੀ ਹੈ। ਜਦੋਂ ਫਰਵਰੀ ਵਿਚ ਬਲਬੀਰ ਸਿੰਘ ਜੂਨੀਅਰ ਦੀ ਦੇਹਾਂਤ ਹੋਇਆ ਤਾਂ ਉਦੋਂ ਕਈ ਜਗ੍ਹਾ ਤਸਵੀਰਾਂ ਗ਼ਲਤ ਛਪ ਗਈਆਂ। ਇਹ ਪਹਿਲੀ ਵਾਰ ਨਹੀਂ ਹੋਇਆ। ਜਦੋਂ ਕਈ ਬਲਬੀਰ ਇਕੱਠੇ ਖੇਡਦੇ ਸਨ ਤਾਂ ਅਸਕਰ ਗ਼ਲਤ ਰਿਪੋਰਟਿੰਗ ਹੋ ਜਾਂਦੀ। ਇਸੇ ਭੁਲੇਖੇ ਨੂੰ ਦੂਰ ਕਰਨ ਲਈ ਹਰ ਬਲਬੀਰ ਦੇ ਨਾਲ ਤਖ਼ਲੱਸ ਲਗਾਇਆ ਜਾਂਦਾ ਸੀ।
ਭਾਰਤੀ ਹਾਕੀ ਟੀਮ ਵਿਚ ਕੁੱਲ ਪੰਜ ਬਲਬੀਰ ਹੋਏ ਜਿਨ੍ਹਾਂ ਵਿਚੋਂ ਚਾਰ ਬਲਬੀਰ ਇਕੱਠੇ ਇਕੋ ਵੇਲੇ ਟੀਮ ਵਿਚ ਖੇਡੇ। ਪੰਜ ਬਲਬੀਰਾਂ ਵਿਚੋਂ ਚਾਰ ਓਲੰਪੀਅਨ ਬਣੇ ਅਤੇ ਚਹੁੰਆਂ ਨੇ ਤਮਗਾ ਜਿੱਤਿਆ। ਕੌਮੀ ਤੇ ਸਟੇਟ ਪੱਧਰ ਉੱਤੇ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਇਕ ਵੇਲੇ ਦੇਸ਼ ਦੇ ਸਭ
ਤੋਂ ਵੱਡੇ ਟੂਰਨਾਮੈਂਟ ਨਹਿਰੂ ਹਾਕੀ ਵਿਚ 9 ਬਲਬੀਰ ਖੇਡ ਰਹੇ ਸਨ। ਉਨ੍ਹਾਂ ਸਮਿਆਂ ਵਿਚ ਪੰਜਾਬ ਵਿਚ ਬਹੁਤੇ ਨਵਜੰਮੇ ਬੱਚਿਆਂ ਦੇ ਨਾਮ ਬਲਬੀਰ ਰੱਖੇ ਜਾਣ ਲੱਗੇ ਜਿਵੇਂ ਸੱਤਰਵਿਆਂ ਵਿਚ ਬੱਚਿਆਂ ਦੇ ਨਾਮ ਅਜੀਤ ਪਾਲ ਸਿੰਘ ਤੇ ਅੱਸੀਵਿਆਂ ਵਿਚ ਕਪਿਲ ਦੇਵ ਰੱਖਣ ਦਾ ਰੁਝਾਨ ਪ੍ਰਚੱਲਿਤ ਹੋਇਆ ਸੀ। ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ: ਜਦੋਂ ਸੱਠਵਿਆਂ ਵਿਚ ਭਾਰਤ ਤੇ ਪਾਕਿਸਤਾਨ ਦਾ ਮੈਚ ਖੇਡਿਆ ਜਾਂਦਾ ਤਾਂ ਮੈਚ ਦੌਰਾਨ ‘ਦੇਈਂ ਬੀਰਿਆ ਲਈਂ ਨੂਰਿਆ’ ਦੀਆਂ ਆਵਾਜ਼ਾਂ ਹੀ ਆਉਂਦੀਆਂ। ਬਲਬੀਰਾਂ ਦੇ ਰਿਕਾਰਡ ’ਤੇ ਝਾਤੀ ਮਾਰੀਏ ਤਾਂ ਸਾਰਿਆਂ ਨੇ ਰਲ ਕੇ ਕੁੱਲ ਪੰਜ ਓਲੰਪਿਕ ਤੇ ਏਸ਼ਿਆਈ ਖੇਡਦਿਆਂ 12 ਤਮਗੇ ਜਿੱਤੇ ਹਨ। ਸਭ ਤੋਂ ਵੱਧ ਪ੍ਰਸਿੱਧੀ ਵੱਡੇ ਬਲਬੀਰ ਸਿੰਘ ਦੁਸਾਂਝ ਨੇ ਖੱਟੀ ਜਿਸ ਦਾ 25 ਮਈ ਦੀ ਸਵੇਰ ਦੇਹਾਂਤ ਹੋਇਆ। ਇਸ ਨੂੰ ਬਲਬੀਰ ਸਿੰਘ ਸੀਨੀਅਰ ਕਹਿੰਦੇ ਹਨ। ਇਹ ਮੋਗੇ ਵਾਲਾ ਬਲਬੀਰ ਵੀ ਅਖਵਾਇਆ। ਦੇਸ਼ ਦੀ ਵੰਡ ਤੋਂ ਬਾਅਦ ਬਣੀ ਭਾਰਤ ਦੀ ਹਾਕੀ ਟੀਮ ਵਿਚ ਜਦੋਂ ਉਹ ਖੇਡਦਾ ਸੀ ਤਾਂ ਇਕੱਲਾ ਬਲਬੀਰ ਅਖਵਾਉਂਦਾ ਸੀ। ਸੱਠਵਿਆਂ ਵਿਚ ਭਾਰਤੀ ਹਾਕੀ ਟੀਮ ਵਿਚ ਜਦੋਂ ਤਿੰਨ ਹੋਰ ਬਲਬੀਰਾਂ ਨੇ ਥਾਂ ਮੱਲੀ ਤਾਂ ਵੱਡੇ ਬਲਬੀਰ ਸਿੰਘ ਨਾਲ ‘ਸੀਨੀਅਰ’ ਤਖ਼ਲੱਸ ਲੱਗ ਗਿਆ ਤਾਂ ਜੋ ਆਪਸ ਵਿਚ ਕੋਈ ਭੁਲੇਖਾ ਨਾ ਪਵੇ। ਬਲਬੀਰ ਸਿੰਘ ਸੀਨੀਅਰ ਫਾਰਵਰਡ ਸਨ ਜਿਨ੍ਹਾਂ ਨੇ ਤਿੰਨ ਓਲੰਪਿਕ (ਲੰਡਨ 1948, ਹੈਲਸਿੰਕੀ 1952 ਤੇ ਮੈਲਬਰਨ 1956) ਸੋਨ ਤਮਗੇ ਜਿੱਤੇ ਅਤੇ ਬਤੌਰ ਮੈਨੇਜਰ ਭਾਰਤ ਨੂੰ ਇਕਲੌਤਾ ਵਿਸ਼ਵ ਕੱਪ (ਕੁਆਲਾਲੰਪੁਰ 1975) ਜਿਤਾਇਆ। ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ, ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਓਲੰਪਿਕ ਆਈਕੌਨਿਕ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਓਲੰਪਿਕ ਆਈਕੌਨਿਕ ਐਵਾਰਡ ਹਾਸਲ ਕਰਨ ਵਾਲੇ 16 ਖਿਡਾਰੀਆਂ ਵਿਚੋਂ ਉਹ ਇਕਲੌਤਾ ਹਾਕੀ ਖਿਡਾਰੀ ਅਤੇ ਇਕਲੌਤਾ ਏਸ਼ਿਆਈ ਪੁਰਸ਼ ਖਿਡਾਰੀ ਸਨ। ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਵੀ ਰਿਹਾ।
ਬਾਕੀ ਚਾਰ ਬਲਬੀਰਾਂ ਵਿਚੋਂ ਦੋ ਸੰਸਾਰਪੁਰ ਦੇ ਸਨ ਅਤੇ ਦੋਵੇਂ ਹੀ ਕੁਲਾਰ। ਜਦੋਂ ਇਹ ਇਕੱਠੇ ਖੇਡਦੇ ਸਨ ਤਾਂ ਇਕ ਨੂੰ ਪੁਲੀਸ ਵਾਲਾ ਬਲਬੀਰ ਸਿੰਘ ਤੇ ਦੂਜੇ ਨੂੰ ਫ਼ੌਜ ਵਾਲਾ ਬਲਬੀਰ ਕਿਹਾ ਜਾਂਦਾ ਸੀ। ਹੁਣ ਇਨ੍ਹਾਂ ਦੀ ਪਛਾਣ ਕਰਨਲ ਬਲਬੀਰ ਸਿੰਘ ਤੇ ਬਲਬੀਰ ਸਿੰਘ ਡੀ.ਆਈ.ਜੀ. ਵਜੋਂ ਹੈ। ਤੀਜਾ ਬਲਬੀਰ ਸਿੰਘ ਗਰੇਵਾਲ ਲੁਧਿਆਣੇ ਦਾ ਸੀ ਅਤੇ ਉਸ ਨੂੰ ਰੇਲਵੇ ਵਾਲੇ ਬਲਬੀਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। 1968 ਦੀਆਂ ਮੈਕਸਿਕੋ ਓਲੰਪਿਕ ਖੇਡਾਂ ਵਿਚ ਇਹ ਤਿੰਨੇ ਬਲਬੀਰ ਭਾਰਤੀ ਟੀਮ ਵਿਚ ਸਨ। ਇਸ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਮੈਕਸਿਕੋ ਓਲੰਪਿਕਸ ਦੀ ਇਕ ਹੋਰ ਖਾਸੀਅਤ ਸੀ ਕਿ ਇਸ ਦੇ ਹਾਕੀ ਮੁਕਾਬਲਿਆਂ ਵਿਚ ਸੱਤ ਸੰਸਾਰਪੁਰੀਏ ਖੇਡੇ ਸਨ। ਚਾਰ ਭਾਰਤ ਵੱਲੋਂ ਤੇ ਤਿੰਨ ਕੀਨੀਆ ਵੱਲੋਂ। ਇਕ ਹੋਰ ਬਲਬੀਰ ਸਿੰਘ ਰੰਧਾਵਾ ਗੁਰਦਾਸਪੁਰ ਦਾ ਹੋਇਆ ਜਿਹੜਾ ਨੇਵੀ (ਜਲ ਸੈਨਾ) ਵਾਲਾ ਬਲਬੀਰ ਅਖਵਾਇਆ। ਇਹ ਚਾਰੋਂ ਬਲਬੀਰ 1967 ਵਿਚ ਮੈਡਰਿਡ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਵਿਚ ਇਕੱਠੇ ਖੇਡੇ। ਉਸ ਵੇਲੇ ਕਈ ਅਖ਼ਬਾਰਾਂ ਵਿਚ ਸੁਰਖ਼ੀਆਂ ਵੀ ਗ਼ਲਤ ਲੱਗੀਆਂ। ਗੱਲ ਇਹ ਹੋਈ ਕਿ ਤਿੰਨ ਬਲਬੀਰ (ਰੇਲਵੇ, ਪੁਲੀਸ ਤੇ ਨੇਵੀ) ਫਾਰਵਰਡ ਪੰਕਤੀ ਵਿਚ ਖੇਡਦੇ ਸਨ ਅਤੇ ਚੌਥਾ ਫ਼ੌਜ ਵਾਲਾ ਬਲਬੀਰ ਹਾਫ ਲਾਈਨ ਵਿਚ। ਫ਼ੌਜ ਵਾਲੇ ਬਲਬੀਰ ਵੱਲੋਂ ਗੋਲ ਕੀਤੇ ਗਏ, ਪਰ ਸੁਰਖ਼ੀਆਂ ਫਾਰਵਰਡ ਬਟੋਰ ਗਏ। ਇਸੇ ਲਈ ਹਰ ਬਲਬੀਰ ਆਪੋ-ਆਪਣੇ ਤਖ਼ਲੱਸ ਨਾਲ ਜਾਣਿਆ ਜਾਂਦਾ ਸੀ। ਫਰਵਰੀ ਵਿਚ ਸਾਨੂੰ ਵਿਛੋੜਾ ਦੇ ਜਾਣ ਵਾਲੇ ਸੰਸਾਰਪੁਰੀਏ ਬਲਬੀਰ ਸਿੰਘ ਜੂਨੀਅਰ ਨੇ 1966 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿਚ ਹਿੱਸਾ ਲੈਂਦਿਆਂ ਸੋਨੇ ਦਾ ਤਮਗਾ ਅਤੇ 1968 ਦੀਆਂ ਮੈਕਸਿਕੋ ਓਲੰਪਿਕ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਿਆ।
ਨਵਦੀਪ ਸਿੰਘ ਗਿੱਲ ਸੰਪਰਕ: 97800-36216