ਵੈਟੀਕਨ ਸਿਟੀ (ਰਾਇਟਰ) : ਪੋਪ ਫਰਾਂਸਿਸ ਨੇ ਐਤਵਾਰ ਨੂੰ ਕਿਹਾ ਕਿ ਅਰਥਚਾਰੇ ਤੋਂ ਜ਼ਿਆਦਾ ਲੋਕਾਂ ਦਾ ਜੀਵਨ ਮਹੱਤਵਪੂਰਣ ਹੈ। ਈਸਾਈ ਧਰਮ ਗੁਰੂ ਦੀ ਇਹ ਟਿੱਪਣੀ ਉਸ ਸਬੰਧ ਵਿਚ ਆਈ ਹੈ ਕਿ ਕੋਰੋਨਾ ਮਹਾਮਾਰੀ ‘ਤੇ ਕੰਟਰੋਲ ਨਾ ਪਾਉਣ ਦੇ ਬਾਵਜੂਦ ਅਨੇਕਾਂ ਦੇਸ਼ਾਂ ਨੇ ਆਪਣੇ ਦੇਸ਼ ਦੇ ਅਰਥਚਾਰੇ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ।
ਸੇਂਟ ਪੀਟਰਜ਼ ਸਕਵੇਅਰ ਵਿਚ ਆਪਣੇ ਸੰਦੇਸ਼ ਵਿਚ ਪੋਪ ਨੇ ਕਿਹਾ ਕਿ ਬਿਮਾਰ ਲੋਕਾਂ ਦੀ ਮਦਦ ਜ਼ਰੂਰੀ ਹੈ। ਉਨ੍ਹਾਂ ਦਾ ਜੀਵਨ ਬਚਾਉਣਾ ਜ਼ਰੂਰੀ ਹੈ। ਲੋਕਾਂ ਦਾ ਜੀਵਨ ਬਚਾਉਣਾ ਅਰਥਚਾਰਾ ਬਚਾਉਣ ਤੋਂ ਜ਼ਿਆਦਾ ਮਹੱਤਵਪੂਰਣ ਹੈ। ਆਪਣੇ ਸੰਬੋਧਨ ਵਿਚ ਹਾਲਾਂਕਿ ਪੋਪ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ। ਕੋਰੋਨਾ ਵਰਗੀ ਮਹਾਮਾਰੀ ਵਿਚਕਾਰ ਅਨੇਕਾਂ ਦੇਸ਼ਾਂ ਵਿਚ ਨੌਕਰੀਆਂ ਅਤੇ ਲੋਕਾਂ ਦੇ ਜੀਵਨ ਸੰਘਰਸ਼ ਨੂੰ ਦੇਖਦੇ ਹੋਏ ਆਪਣੇ ਅਰਥਚਾਰੇ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂਕਿ ਅਜੇ ਤਕ ਇਸ ਮਹਾਮਾਰੀ ‘ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਪੋਪ ਦੇ ਸੰਬੋਧਨ ਦੌਰਾਨ ਸੇਂਟ ਪੀਟਰਜ਼ ਸਕਵੇਅਰ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਮੌਜੂਦ ਸਨ। ਜ਼ਿਆਦਾਤਰ ਲੋਕਾਂ ਨੇ ਮਾਸਕ ਲਗਾਇਆ ਹੋਇਆ ਸੀ। ਇਕ ਦੂਜੇ ਤੋਂ ਉਹ ਲੋਕ ਸਰੀਰਕ ਦੂਰੀ ਬਣਾਏ ਹੋਏ ਸਨ। ਇਸ ਨੂੰ ਸੋਮਵਾਰ ਤੋਂ ਆਮ ਸ਼ਰਧਾਲੂਆਂ ਲਈ ਖੋਲਿ੍ਆ ਗਿਆ ਹੈ। ਐਤਵਾਰ ਨੂੰ ਹੋਰ ਦਿਨਾਂ ਨਾਲੋਂ ਹਜ਼ਾਰਾਂ ਦੀ ਗਿਣਤੀ ਵਿਚ ਵੱਧ ਲੋਕ ਇੱਥੇ ਆਉਂਦੇ ਹਨ। ਕੋਰੋਨਾ ਇਨਫੈਕਸਨ ਦਾ ਫੈਲਣਾ ਸ਼ੁਰੂ ਹੋਣ ਦੇ ਬਾਅਦ ਪੋਪ ਨੇ ਇਕ ਮਾਰਚ ਨੂੰ ਆਪਣਾ ਸੰਦੇਸ਼ ਦਿੱਤਾ ਸੀ। ਦੱਸਣਯੋਗ ਹੈ ਕਿ ਇਟਲੀ ਵਿਚ ਕੋਰੋਨਾ ਮਹਾਮਾਰੀ ਨੇ 33 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਲਾਕਡਾਊਨ ਵਿਚ ਹੌਲੀ-ਹੌਲੀ ਛੋਟ ਦਿੱਤੀ ਗਈ ਹੈ ਅਤੇ ਬੁੱਧਵਾਰ ਨੂੰ ਸਾਰੀਆਂ ਪਾਬੰਦੀਆਂ ਹਟਾ ਲਈਆਂ ਜਾਣਗੀਆਂ।