ਏਵੀਏਸ਼ਨ ‘ਤੇ ਕੋਰੋਨਾ ਦਾ ਪ੍ਰਭਾਵ

0
753

ਸ਼ਹਿਰੀ ਹਵਾਬਾਜ਼ੀ ਅਰਥਾਤ ਏਵੀਏਸ਼ਨ ਸੈਕਟਰ ਵਿਸ਼ਵ ਭਰ ਵਿਚ ਸਭ ਤੋਂ ਮਹੱਤਵਪੂਰਨ ਉਦਯੋਗਾਂ ‘ਚੋਂ ਇਕ ਹੈ। ਇਸ ਉਦਯੋਗ ਵਿਚ ਵਰਤੇ ਜਾਣ ਵਾਲੇ ਹਵਾਈ ਜਹਾਜ਼ਾਂ ਦਾ ਵਰਤੋਂ ਸਿਰਫ਼ ਯਾਤਰੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਤਕ ਸੀਮਤ ਨਹੀਂ ਹੈ ਬਲਕਿ ਦੁਨੀਆ ਭਰ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਮਾਲ ਲਿਜਾਣ ਲਈ ਵੀ ਕੀਤੀ ਜਾਂਦੀ ਹੈ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਫੈਲਣ ਕਾਰਨ, ਇਹ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਕੋਰੋਨਾ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਨੇ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਦੁਨੀਆ ਭਰ ਦੀਆਂ ਏਅਰਲਾਈਨਾਂ ਦੁਆਰਾ ਲਗਪਗ ਸਾਰੀਆਂ ਉਡਾਣਾਂ ਦਾ ਬੰਦ ਹੋਣਾ ਕੋਰੋਨਾ ਤੋਂ ਏਵੀਏਸ਼ਨ ਸੈਕਟਰ ਨੂੰ ਹੋ ਰਹੇ ਨੁਕਸਾਨ ਦੀ ਵਿਸ਼ਾਲਤਾ ਨੂੰ ਉਜਾਗਰ ਕਰ ਰਿਹਾ ਹੈ। ਕੋਰੋਨਾ ਨੇ ਸਿਰਫ਼ ਸੜਕਾਂ ਨੂੰ ਹੀ ਨਹੀਂ ਬਲਕਿ ਦੁਨੀਆ ਭਰ ਦੇ ਅਸਮਾਨ ਨੂੰ ਵੱਡੀ ਗਿਣਤੀ ਵਿਚ ਉੱਡ ਰਹੇ ਹਵਾਈ ਜਹਾਜ਼ਾਂ ਤੋਂ ਵੀ ਖ਼ਾਲੀ ਕਰ ਦਿੱਤਾ ਹੈ।

ਦੁਨੀਆ ਦੇ ਕਈ ਸ਼ਹਿਰ ਜਿਵੇਂ ਕਿ ਨਿਊਯਾਰਕ ਜਿਸ ਨੂੰ“ਸਿਟੀ ਨੈਵਰ ਸਲੀਪਸ (ਕਦੀ ਨਾ ਸੌਣ ਵਾਲਾ ਸ਼ਹਿਰ)” ਕਿਹਾ ਜਾਂਦਾ ਹੈ, ਹੁਣ ਸੁੰਨਸਾਨ ਨਜ਼ਰ ਆ ਰਿਹਾ ਹੈ। ਵੈੱਬਸਾਈਟ ਫਲਾਈਟਰੇਡਾਰ24 ਜੋ ਕਿ ਵਿਸ਼ਵ ਦੀਆਂ ਉਡਾਣਾਂ ਨੂੰ ਟਰੈਕ ਕਰਦੀ ਹੈ ਅਤੇ ਦੁਨੀਆ ਭਰ ਦੇ ਹਜ਼ਾਰਾਂ ਹਵਾਈ ਜਹਾਜ਼ਾਂ ਬਾਰੇ ਰੋਜ਼ਾਨਾ ਅਸਲ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ, ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਨੁਸਾਰ ਦਸੰਬਰ 2019 ਵਿਚ ਰੋਜ਼ਾਨਾ ਲਗਪਗ 2 ਲੱਖ ਉਡਾਣਾਂ ਹੁੰਦੀਆਂ ਸਨ ਅਤੇ ਲੱਖਾਂ ਯਾਤਰੀਆਂ ਨੂੰ ਲੈ ਕੇ ਜਾਂਦੀਆਂ ਸਨ। ਇਸ ਦੀ ਔਸਤ ਜਨਵਰੀ ਦੇ ਮਹੀਨੇ ਵਿਚ ਘਟ ਕੇ ਰੋਜ਼ਾਨਾ 1.8 ਲੱਖ, ਫਰਵਰੀ ਵਿਚ 1.7 ਲੱਖ ਹੋ ਗਈ ਸੀ।

ਇਹ ਮਾਰਚ ਦੇ ਅੰਤ ‘ਚ ਲਗਪਗ ਇਕ ਤਿਹਾਈ ਘਟ ਕੇ ਸਿਰਫ਼ 69,000 ਰਹਿ ਗਈਆਂ ਸਨ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੁਆਰਾ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਵਿਸ਼ਵ ਭਰ ਦੀਆਂ ਏਅਰਲਾਈਨਾਂ ਨੂੰ ਲਗਪਗ 252 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਅਮੀਰਾਤ, ਇਤੀਹਾਦ, ਲੁਫਥਾਂਸਾ, ਸਿੰਗਾਪੁਰ ਏਅਰਲਾਈਨਜ਼ ਵਰਗੀਆਂ ਦੁਨੀਆ ਦੀਆਂ ਕਈ ਪ੍ਰਮੁੱਖ ਏਅਰਲਾਈਨਾਂ ਨੂੰ ਆਪਣੇ ਜਹਾਜ਼ ਹਵਾਈ ਅੱਡਿਆਂ ‘ਤੇ ਖੜ੍ਹੇ ਕਰਨੇ ਪੈ ਗਏ ਹਨ। ਅਜਿਹਾ ਇਸ ਲਈ ਵਾਪਰਿਆ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਸਾਰੀਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਨੇ ਵੀ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਪਹਿਲਾਂ 24 ਮਾਰਚ ਤੋਂ 30 ਮਾਰਚ ਤਕ ਬੰਦ ਕਰ ਦਿੱਤਾ ਸੀ ਜੋ ਪਹਿਲਾਂ 14 ਅਪ੍ਰੈਲ, ਫਿਰ 3 ਮਈ ਅਤੇ ਹੁਣ ਫ਼ਿਲਹਾਲ 17 ਮਈ ਤਕ ਬੰਦ ਰਹਿਣਗੀਆਂ। ਸਾਰੀਆਂ ਭਾਰਤੀ ਏਅਰਲਾਈਨਾਂ ਏਅਰ ਇੰਡੀਆ, ਇੰਡੀਗੋ, ਵਿਸਤਾਰਾ, ਸਪਾਈਸਜੈੱਟ, ਗੋਏਅਰ ਨੂੰ ਇਸ ਕਾਰਨ ਵੱਡਾ ਵਿੱਤੀ ਘਾਟਾ ਪੈ ਰਿਹਾ ਹੈ। ਉਨ੍ਹਾਂ ਨੂੰ ਭਾਰਤ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਪਾਰਕਿੰਗ ਸਥਾਨਾਂ ਦੀ ਵੀ ਭਾਲ ਕਰਨੀ ਪਈ ਅਤੇ ਕਈ ਸਟਾਫ ਮੈਂਬਰ ਵੱਖ-ਵੱਖ ਸ਼ਹਿਰਾਂ ਵਿਚ ਫਸੇ ਹੋਏ ਹਨ।

ਸੈਂਟਰ ਫਾਰ ਏਵੀਏਸ਼ਨ (ਸੀਏਪੀਏ) ਦੀ ਭਾਰਤ ਵਿਚਲੀ ਸ਼ਾਖਾ ਜੋ ਕਿ ਸ਼ਹਿਰੀ ਹਵਾਬਾਜ਼ੀ ਅਤੇ ਯਾਤਰਾ ਉਦਯੋਗ ਦੇ ਅਨੁਮਾਨਾਂ ਲਈ ਜਾਣਕਾਰੀ ਪ੍ਰਦਾਨ ਕਰਦੀ ਹੈ, ਨੇ ਇਹ ਅਨੁਮਾਨ ਲਗਾਇਆ ਹੈ ਕਿ ਭਾਰਤ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੂੰ ਰੋਜ਼ਾਨਾ 30-35 ਕਰੋੜ ਦਾ ਘਾਟਾ ਪੈ ਰਿਹਾ ਹੈ। ਮਾਰਚ ਵਿਚ ਫਲਾਈਬੀ ਜੋ ਕਿ ਯੂਰਪ ਦੀ ਸਭ ਤੋਂ ਵੱਡੀ ਖੇਤਰੀ ਏਅਰਲਾਈਨ ਹੈ, ਕੋਰੋਨਾ ਵਾਇਰਸ ਕਾਰਨ ਵਿੱਤੀ ਘਾਟੇ ਨੂੰ ਪੂਰਾ ਨਾ ਕਰ ਸਕੀ ਅਤੇ ਉਸ ਦਾ ਦੀਵਾਲੀਆ ਨਿਕਲ ਗਿਆ। ਆਈਏਟੀਏ ਦਾ ਅਨੁਮਾਨ ਹੈ ਕਿ ਜੇ ਜਲਦੀ ਤੋਂ ਜਲਦੀ ਉਡਾਣਾਂ ਸ਼ੁਰੂ ਨਹੀਂ ਹੁੰਦੀਆਂ ਕਈ ਹੋਰ ਏਅਰਲਾਈਨਾਂ ਇਸ ਸਥਿਤੀ ਵਿਚ ਜਾ ਸਕਦੀਆਂ ਹਨ। ਸਿਰਫ਼ ਏਅਰਲਾਈਨਾਂ ਹੀ ਨਹੀਂ, ਇਹ ਸਥਿਤੀ ਜਹਾਜ਼ ਨਿਰਮਾਤਾਵਾਂ ‘ਤੇ ਵੀ ਮਾੜਾ ਪ੍ਰਭਾਵ ਪਾ ਰਹੀ ਹੈ। ਏਅਰਬੱਸ ਅਤੇ ਬੋਇੰਗ, ਵਿਸ਼ਵ ਦੇ ਸਭ ਤੋਂ ਵੱਡੇ ਏਅਰਕ੍ਰਾਫਟ ਨਿਰਮਾਣਕਾਰਾਂ ਨੇ ਆਪਣੇ ਬਹੁਤ ਸਾਰੇ ਜਹਾਜ਼ਾਂ ਦੇ ਉਤਪਾਦਨ ‘ਤੇ ਅਸਥਾਈ ਰੋਕ ਲਾ ਦਿੱਤੀ ਹੈ। ਉਤਪਾਦਨ ਵਿਚ ਰੁਕਾਵਟ, ਏਅਰਲਾਈਨਾਂ ਦੁਆਰਾ ਨਵੇਂ ਜਹਾਜ਼ਾਂ ਨੂੰ ਨਾ ਖ਼ਰੀਦਣਾ ਇਕ ਵੱਡੇ ਵਿੱਤੀ ਸੰਕਟ ਵੱਲ ਇਸ਼ਾਰਾ ਹੈ। ਇਸ ਸਾਰੇ ਵਰਤਾਰੇ ਕਾਰਨ ਏਵੀਏਸ਼ਨ ਸੈਕਟਰ ਦੇ ਸਾਰੇ ਕਰਮਚਾਰੀਆਂ ਦੇ ਭਵਿੱਖ ‘ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਫਲਾਈਬੀ ਦੇ ਬੰਦ ਹੋਣ ਕਾਰਨ ਇਸ ਦੇ ਹਜ਼ਾਰਾਂ ਕਰਮਚਾਰੀ ਬੇਰੁਜ਼ਗਾਰ ਹੋ ਗਏ ਹਨ।

ਜੇ ਇਹ ਸਥਿਤੀ ਜਾਰੀ ਰਹਿੰਦੀ ਹੈ ਤਾਂ ਹੋ ਸਕਦਾ ਹੈ ਕਿ ਲੱਖਾਂ ਲੋਕ ਭਾਰਤ ਅਤੇ ਵਿਸ਼ਵ ਭਰ ਵਿਚ ਬੇਰੁਜ਼ਗਾਰ ਹੋਣਗੇ।

ਭਾਰਤ ਅਤੇ ਵਿਸ਼ਵ ਦੇ ਹਵਾਈ ਅੱਡਿਆਂ ਨੂੰ ਵੀ ਫਲਾਈਟਾਂ ਰੱਦ ਹੋਣ ਕਾਰਨ ਫੀਸ ਦੇ ਰੂਪ ਵਿਚ ਹੋ ਰਹੀ ਆਮਦਨੀ ਨਾ ਹੋਣ ਕਾਰਨ ਭਾਰੀ ਘਾਟਾ ਪੈ ਰਿਹਾ ਹੈ। ਅੰਮ੍ਰਿਤਸਰ ਆਪਣੇ ਕੁਝ ਮੌਜੂਦਾ ਰੂਟਾਂ ‘ਤੇ ਅਸਥਾਈ ਤੌਰ ‘ਤੇ ਆਪਣਾ ਕੌਮਾਂਤਰੀ ਸੰਪਰਕ ਗੁਆ ਸਕਦਾ ਹੈ। ਏਅਰਲਾਈਨਾਂ ਵੱਡੇ ਹਵਾਈ ਅੱਡਿਆਂ ਤੋਂ ਰੂਟ ਮੁੜ ਸ਼ੁਰੂ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਗੀਆਂ। ਇਸ ਤੋਂ ਬਾਅਦ ਅੰਮ੍ਰਿਤਸਰ ਵਰਗੇ ਟੀਅਰ-2 ਹਵਾਈ ਅੱਡੇ ਤੋਂ ਸ਼ੁਰੂ ਕਰਨਗੀਆਂ। ਅੰਮ੍ਰਿਤਸਰ ਤੋਂ ਉਡਾਣਾਂ ਬੰਦ ਹੋਣ ਤੋਂ ਪਹਿਲਾਂ 9 ਕੌਮਾਂਤਰੀ ਅਤੇ 9 ਘਰੇਲੂ ਸ਼ਹਿਰਾਂ ਲਈ ਉਡਾਣਾਂ ਸਨ ਅਤੇ ਇੱਥੋਂ ਰੋਜ਼ਾਨਾ 25 ਤੋਂ 30 ਉਡਾਣਾਂ ਸਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ‘ਤੇ ਗਹਿਮਾ-ਗਹਿਮੀ ਹੋਇਆ ਕਰਦੀ ਸੀ।

ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ‘ਚੋਂ ਪਰਵਾਸੀ ਪੰਜਾਬੀ ਜਹਾਜ਼ ਭਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਆਇਆ ਕਰਦੇ ਸਨ। ਅੱਜ ਇਹ ਏਅਰਪੋਰਟ ਭਾਂ-ਭਾਂ ਕਰ ਰਿਹਾ ਹੈ। ਇਹੀ ਹਾਲ ਦੇਸ਼-ਵਿਦੇਸ਼ ਦੇ ਹੋਰ ਹਵਾਈ ਅੱਡਿਆਂ ਦਾ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਸੈਕਟਰ ਕੋਰੋਨਾ ਦੀ ਕਿੰਨੀ ਮਾਰ ਸਹਾਰ ਰਿਹਾ ਹੈ। ਉਡਾਣਾਂ ਬੰਦ ਹੋਣ ਕਾਰਨ ਵਿਦੇਸ਼ਾਂ ਵਿਚ ਵਸੇ ਕਈ ਭਾਰਤੀ ਅਤੇ ਸੈਲਾਨੀ ਭਾਰਤ ਵਿਚ ਅਤੇ ਭਾਰਤੀ ਵਿਦੇਸ਼ਾਂ ‘ਚ ਫਸ ਗਏ ਹਨ। ਸਰਕਾਰਾਂ ਵੱਲੋਂ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਨਾਗਰਿਕ ਆਪਣੇ ਮੁਲਕ ਵਾਪਸ ਪਰਤ ਸਕਣ। ਫ਼ਿਲਹਾਲ ਭਾਰਤ ਅਤੇ ਵਿਦੇਸ਼ੀ ਮੁਲਕਾਂ ਦਰਮਿਆਨ ਉਡਾਣਾਂ ਦਾ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਬਹੁਤ ਮੱਧਮ ਜਾਪ ਰਹੀ ਹੈ।

-ਰਵਰੀਤ ਸਿੰਘ : ਮੋਬਾਈਲ ਨੰ. :70099-67870