ਵੁਹਾਨ ਹਸਪਤਾਲ ਦੇ ਡਾਇਰੈਕਟਰ ਦੀ ਮੌਤ

0
369

ਬੀਜਿੰਗ (ਏਜੰਸੀਆਂ) : ਚੀਨ ਵਿਚ ਫੈਲੀ ਮਹਾਮਾਰੀ ਦੇ ਕੇਂਦਰ ਵੁਹਾਨ ਸਥਿਤ ਇਕ ਹਸਪਤਾਲ ਦੇ ਡਾਇਰੈਕਟਰ ਦੀ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਸੀਸੀਟੀਵੀ ਨੇ ਇਹ ਜਾਣਕਾਰੀ ਦਿੱਤੀ। ਖ਼ਬਰ ਅਨੁਸਾਰ, ਵੁਚਾਂਗ ਹਸਪਤਾਲ ਦੇ ਡਾਇਰੈਕਟਰ ਲਿਓ ਝਿਮਿੰਗ ਦੀ ਜਾਨ ਬਚਾਉਣ ਦੇ ਸਾਰੇ ਯਤਨ ਅਸਫਲ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਲਿਓ ਤੋਂ ਪਹਿਲੇ ਕੋਰੋਨਾ ਵਾਇਰਸ ਕਾਰਨ ਹਸਪਤਾਲ ਦੇ ਡਾਇਰੈਕਟਰ ਪੱਧਰ ਦੇ ਕਿਸੇ ਵਿਅਕਤੀ ਦੇ ਮਰਨ ਦੀ ਖ਼ਬਰ ਨਹੀਂ ਆਈ ਸੀ। ਉਧਰ, ਕੋਰੋਨਾ ਵਾਇਰਸ ਨਾਲ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 1,868 ਹੋ ਗਈ ਹੈ ਜਦਕਿ ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਕੁਲ ਗਿਣਤੀ 72,436 ਹੋ ਗਈ ਹੈ। ਲਿਓ ਦੀ ਮੌਤ ਦੀ ਖ਼ਬਰ ਸਭ ਤੋਂ ਪਹਿਲੇ ਚੀਨੀ ਮੀਡੀਆ ਅਤੇ ਬਲਾਗਰਾਂ ਨੇ ਮੰਗਲਵਾਰ ਅੱਧੀ ਰਾਤ ਪਿੱਛੋਂ ਦਿੱਤੀ ਸੀ ਪ੍ਰੰਤੂ ਫਿਰ ਇਸ ਖ਼ਬਰ ਨੂੰ ਹਟਾ ਲਿਆ ਗਿਆ ਸੀ। ਤਦ ਦੱਸਿਆ ਜਾ ਰਿਹਾ ਸੀ ਕਿ ਡਾਕਟਰ ਬਿਮਾਰ ਲਿਓ ਨੂੰ ਬਚਾਉਣ ਦੇ ਯਤਨ ਵਿਚ ਲੱਗੇ ਹਨ। ਲਿਓ ਦੀ ਮੌਤ ਨੂੰ ਵੁਹਾਨ ਦੇ ਅੱਖਾਂ ਦੇ ਡਾਕਟਰ ਲੀ ਵੇਨ ਲਿਯਾਂਗ ਦੀ ਮੌਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਅੱਖਾਂ ਦੇ ਡਾਕਟਰ ਲੀ ਵੇਨ ਲਿਯਾਂਗ ਨੂੰ ਦਸੰਬਰ ਦੇ ਅਖੀਰ ਵਿਚ ਕੋਰੋਨਾ ਵਾਇਰਸ ਦੇ ਖ਼ਤਰੇ ਪ੍ਰਤੀ ਆਗਾਹ ਕਰਨ ਲਈ ਚੀਨ ਦੀ ਪੁਲਿਸ ਨੇ ਸਜ਼ਾ ਦਿੱਤੀ ਸੀ। ਲੀ ਦੀ ਮੌਤ ‘ਤੇ ਦੇਸ਼ ਭਰ ਵਿਚ ਰੋਸ ਦੇ ਨਾਲ ਹੀ ਲੋਕਾਂ ਨੇ ਸਰਕਾਰੀ ਵਿਵਸਥਾ ‘ਤੇ ਵਾਇਰਸ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਸੀ। ਲੋਕਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਲਿਓ ਦੇ ਨਾਲ ਲੀ ਨੂੰ ਵੀ ਯਾਦ ਕੀਤਾ। ਦੱਸਣਯੋਗ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ ਛੇ ਡਾਕਟਰ ਕਰਮੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1,716 ਕਰਮੀ ਇਸ ਤੋਂ ਪ੍ਰਭਾਵਿਤ ਹੋਏ ਹਨ।

ਵੁਹਾਨ ‘ਚ ਮਾਸਕ ਦੀ ਕਮੀ ਦਾ ਸਾਹਮਣਾ ਕਰ ਰਹੇ ਡਾਕਟਰ

ਵੁਹਾਨ ਵਿਚ ਡਾਕਟਰਾਂ ਕੋਲ ਮਾਸਕ ਅਤੇ ਰੱਖਿਆਤਮਕ ਬਾਡੀਸੂਟ ਦੀ ਕਮੀ ਹੈ। ਕੁਝ ਡਾਕਟਰ ਤਾਂ ਕੰਮ ਚਲਾਊ ਮਾਸਕ ਅਤੇ ਸੂਟ ਪਾ ਕੇ ਲਗਾਤਾਰ ਕੰਮ ਕਰ ਰਹੇ ਹਨ। ਸਿਹਤ ਕਰਮੀਆਂ ਨੇ ਦੱਸਿਆ ਕਿ ਕੁਝ ਡਾਕਟਰਾਂ ਵਿਚ ਸਾਹ ਸਬੰਧੀ ਸਮੱਸਿਆ ਦੇ ਲੱਛਣ ਨਜ਼ਰ ਆ ਰਹੇ ਹਨ ਪ੍ਰੰਤੂ ਡਾਕਟਰ ਕਰਮਚਾਰੀਆਂ ਦੀ ਕਮੀ ਕਾਰਨ ਉਨ੍ਹਾਂ ਨੂੰ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿਚ ਦਿਖਾਈ ਦੇ ਰਿਹਾ ਹੈ।