ਗੁਰੂਜਸ ਕੌਰ ਖਾਲਸਾ ਨੇ ਐਲਬਮ ‘ਮਿਸਟਿਕ ਮਿਰਰ’ ਵਿੱਚ ਆਪਣੇ ਗਾਇਨ ਲਈ ਇਹ ਐਵਾਰਡ ਹਾਸਿਲ ਕੀਤਾ ਹੈ।
ਇਸ ਐਲਬਮ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸ਼ਬਦ ਵੀ ਸ਼ਾਮਿਲ ਹਨ।
ਗੁਰੂਜਸ ਕੌਰ ਖਾਲਸਾ ਦਾ ਇਹ ਦੂਜਾ ਗ੍ਰੈਮੀ ਐਵਾਰਡ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2017 ਵਿੱਚ ਵੀ ਜਿੱਤਿਆ ਸੀ।
ਆਪਣੇ ਟਵਿੱਟਰ ਹੈਂਡਲ ‘ਤੇ ਉਨ੍ਹਾਂ ਨੇ ਇਸ ਬਾਰੇ ਲਿਖਿਆ ਹੈ, “ਅਸੀਂ ‘ਨਿਊ ਏਜ(ਨਵੇਂ ਯੁੱਗ), ਅਮਬਿਅੰਟ(ਸੁਖਦ) ਜਾਂ ਚਾਂਟ(ਸ਼ਬਦ ਉਚਾਰਣ’ ਸ਼੍ਰੇਣੀ ਵਿੱਚ ਆਪਣੀ ਐਲਬਮ “ਮਿਸਟਿਕ ਮਿਰਰ” ਲਈ ਹੁਣੇ ਇੱਕ ਗ੍ਰੈਮੀ ਜਿੱਤਿਆ ਹੈ।”
“ਅਸੀਂ ਰਿਕਾਰਡਿੰਗ ਅਕਾਦਮੀ ਦਾ ਨਾ ਸਿਰਫ਼ ਸ਼ਾਨਦਾਰ ਐਵਾਰਡ ਪ੍ਰੋਗਰਾਮ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ, ਸਗੋਂ ਸੰਗੀਤ ਸਿਰਜਣਹਾਰਾਂ ਦੇ ਵੱਲੋਂ ਉਨ੍ਹਾਂ ਦੇ ਕੀਤੇ ਸਾਰੇ ਸ਼ਾਨਦਾਰ ਕੰਮ ਲਈ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ।”
ਗੁਰੂਜਸ ਨੂੰ ਐਵਾਰਡ ਮਿਲਣ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ ਪੋਸਟ ‘ਤੇ ਵਧਾਈ ਦਿੱਤੀ।
ਉਨ੍ਹਾਂ ਨੇ ਲਿਖਿਆ, “ਇਹ ਸਾਡੇ ਲਈ ਮਾਣ ਵਾਲਾ ਪਲ਼ ਹੈ। ਲਾਸ ਏਂਜਲਸ ਅਧਾਰਤ ਬੈਂਡ ਵ੍ਹਾਈਟ ਸੰਨ ਨੂੰ ਉਨ੍ਹਾਂ ਦੀ ਐਲਬਮ ‘ਮਿਸਟਿਕ ਮਿਰਰ’ ਲਈ ਗ੍ਰੈਮੀ ਜਿੱਤਣ ‘ਤੇ ਢੇਰ ਸਾਰੀਆਂ ਵਧਾਈਆਂ, ਇਸ ਐਲਬਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਸ਼ਾਮਲ ਹਨ। ਇਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਪ੍ਰਚਾਰਨ ਲਈ ਪ੍ਰਸ਼ੰਸਾ ਦੇ ਹੱਕਦਾਰ ਹਨ।”