ਹਾਂਗਕਾਂਗ(ਪਚਬ): ਅਮਰੀਕਾ ਅਤੇ ਚੀਨ ਨੇ ਪਿਛਲੇ 18 ਮਹੀਨਿਆਂ ਤੋਂ ਚੱਲ ਰਹੇ ਵਪਾਰਕ-ਯੁੱਧ ਨੂੰ ਖਤਮ ਕਰਨ ਦੀ ਦਿਸ਼ਾ ਚ ਪਹਿਲਾ ਕਦਮ ਚੁੱਕਿਆ। ਦੋਵਾਂ ਦੇਸ਼ਾਂ ਨੇ ਬੁੱਧਵਾਰ ਨੂੰ ਵਪਾਰ ਸਮਝੌਤੇ ਦੇ ਪਹਿਲੇ ਪੜਾਅ ‘ਤੇ ਹਸਤਾਖਰ ਕੀਤੇ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਪਿਛਲੇ ਸਾਲ ਦਸੰਬਰ ਵਿਚ ਵਪਾਰਕ ਸਮਝੌਤਿਆਂ ਵੱਲ ਵਧਣ ਦਾ ਫੈਸਲਾ ਕੀਤਾ ਸੀ।
ਸਮਝੌਤੇ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਅਮਰੀਕਾ ਨੇ ਚੀਨ ਤੋਂ ਆਯਾਤ ਕੀਤੇ ਗਏ ਸਮਾਨ ਉੱਤੇ ਲਗਾਏ ਕੁਝ ਨਵੇਂ ਟੈਰਿਫਾਂ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ, ਜਦੋਂਕਿ ਚੀਨ ਬਦਲੇ ਚ ਅਮਰੀਕਾ ਤੋਂ ਵਧੇਰੇ ਖੇਤੀ ਉਤਪਾਦਾਂ ਦੀ ਖਰੀਦ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਨਾਲ ਗੱਲਬਾਤ ਦਾ ਦੂਜਾ ਪੜਾਅ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਚੀਨ ਅਗਲੇ ਦੋ ਸਾਲਾਂ ਚ 200 ਬਿਲੀਅਨ ਡਾਲਰ ਤੋਂ ਵੱਧ ਦੇ ਅਮਰੀਕੀ ਸਮਾਨ ਦੀ ਦਰਾਮਦ ਕਰੇਗਾ। ਇਸ ਚੋਂ 50 ਅਰਬ ਡਾਲਰ ਦੇ ਖੇਤੀਬਾੜੀ ਉਤਪਾਦ, 75 ਅਰਬ ਡਾਲਰ ਉਤਪਾਦਨ ਉਤਪਾਦ ਅਤੇ 50 ਅਰਬ ਡਾਲਰ ਦਾ ਊਰਜਾ ਸੈਕਟਰ ਤੋਂ ਹੋਵੇਗਾ। ਸਮਝੌਤੇ ਦੌਰਾਨ ਚੀਨੀ ਉਪ ਪ੍ਰਧਾਨ ਮੰਤਰੀ ਲਿਯੂ ਹੀ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇਹ ਮੰਨਿਆ ਜਾ ਰਿਹਾ ਹੈ ਕਿ ਸਮਝੌਤੇ ਦਾ ਹਾਂਗਕਾਂਗ ਦੇ ਤਾਜ਼ਾ ਹਾਲਤਾਂ ਤੇ ਵੀ ਅਸਰ ਪਵੇਗਾ।