ਵਾਸ਼ਿੰਗਟਨ— ਅਮਰੀਕੀ ਪ੍ਰਤੀਨਿਧੀ ਮੰਡਲ ਨੇ ਮੰਗਲਵਾਰ ਨੂੰ ਹਾਂਗਕਾਂਗ ‘ਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦੀ ਮੰਗ ਵਾਲੇ ਇਕ ਕਾਨੂੰਨ ਨੂੰ ਪਾਸ ਕਰ ਦਿੱਤਾ ਹੈ, ਜਿਸ ਦਾ ਟੀਚਾ ਉਸ ਅਰਧ-ਖੁਦਮੁਖਤਿਆਰੀ ਖੇਤਰ ‘ਚ ਨਾਗਰਿਕ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਇਸ ਕਦਮ ‘ਤੇ ਚੀਨ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ।
‘ਹਾਂਗਕਾਂਗ ਮਨੁੱਖੀ ਅਧਿਕਾਰ ਤੇ ਲੋਕਤੰਤਰ ਐਕਟ’ ਨੂੰ ਹੁਣ ਸੈਨੇਟ ‘ਚ ਪੇਸ਼ ਕੀਤਾ ਜਾਵੇਗਾ, ਜਿਥੋਂ ਪਾਸ ਹੋਣ ਇਹ ਕਾਨੂੰਨ ਬਣ ਜਾਵੇਗਾ। ਐਕਟ ਨੂੰ ਕਾਂਗਰਸ ‘ਚ ਦੋਵਾਂ ਪਾਰਟੀਆਂ ਵਲੋਂ ਸਮਰਥਨ ਮਿਲਿਆ, ਜੋ ਦੁਰਲੱਭ ਗੱਲ ਹੈ। ਇਹ ਕਾਨੂੰਨ ਹਾਂਗਕਾਂਗ-ਅਮਰੀਕਾ ਦੇ ਵਿਸ਼ੇਸ਼ ਵਪਾਰਕ ਦਰਜੇ ਨੂੰ ਖਤਮ ਕਰ ਦੇਵੇਗਾ ਜਦੋਂ ਤੱਕ ਕਿ ਵਿਦੇਸ਼ ਵਿਭਾਗ ਸਾਲਾਨਾ ਇਹ ਪ੍ਰਮਾਣਿਤ ਨਹੀਂ ਕਰ ਦਿੰਦਾ ਕਿ ਸ਼ਹਿਰ ਦੇ ਅਧਿਕਾਰੀ ਮਨੁੱਖੀ ਅਧਿਕਾਰਾਂ ਤੇ ਕਾਨੂੰਨ ਵਿਵਸਥਾ ਦਾ ਸਨਮਾਨ ਕਰ ਰਹੇ ਹਨ। ਇਸ ਐਕਟ ‘ਚ ਅਮਰੀਕੀ ਰਾਸ਼ਟਰਪਤੀ ਨੂੰ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਤੇ ਉਨ੍ਹਾਂ ‘ਤੇ ਪਾਬੰਦੀਆਂ ਲਗਾਉਣ ਦਾ ਅਧਿਕਾਰ ਦੇਣ ਦਾ ਕਾਨੂੰਨ ਹੈ ਜੋ ਹਾਂਗਕਾਂਗ ‘ਚ ਖੁਦਮੁਖਤਿਆਰੀ ਤੇ ਮਨੁੱਖੀ ਅਧਿਕਾਰਾਂ ਦੇ ਗੰਭੀਰ ਘਾਣ ਦੇ ਲਈ ਜ਼ਿੰਮੇਦਾਰ ਹਨ। ਚੀਨ ਨੇ ਇਕ ਐਕਟ ਦੇ ਪਾਸ ਹੋਣ ‘ਤੇ ਸਖਤ ਪ੍ਰਤੀਕਿਰਿਆ ਵਿਅਕਤ ਕੀਤੀ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਇਕ ਬਿਆਨ ‘ਚ ਕਿਹਾ ਕਿ ਹਾਂਗਕਾਂਗ ਦੇ ਸਾਹਮਣੇ ਮਨੁੱਖੀ ਅਧਿਕਾਰਾਂ ਤੇ ਲੋਕਤੰਤਰ ਦੇ ਮੁੱਦੇ ਬਿਲਕੁੱਲ ਵੀ ਨਹੀਂ ਹਨ ਬਲਕਿ ਜਲਦੀ ਤੋਂ ਜਲਦੀ ਹਿੰਸਾ ਨੂੰ ਰੋਕਣ, ਵਿਵਸਥਾ ਨੂੰ ਬਹਾਲ ਕਰਨ ਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦਾ ਮੁੱਦਾ ਹੈ।