ਹਾਂਗਕਾਂਗ (ਜੰਗ ਬਹਾਦਰ ਸਿੰਘ)-ਬੀਤੇ ਹਫ਼ਤੇ ਹਾਂਗਕਾਂਗ ਦੇ ਯੂ-ਲੌਾਗ ਇਲਾਕੇ ‘ਚ ਚਿੱਟੀਆਂ ਸ਼ਰਟਾਂ ਪਾਈ ਹਮਲਾਵਰਾਂ ਵਲੋਂ ਹਵਾਲਗੀ ਬਿੱਲ ਿਖ਼ਲਾਫ਼ ਪ੍ਰਦਰਸ਼ਨ ਕਰਕੇ ਘਰਾਂ ਨੂੰ ਮੁੜ ਰਹੇ ਪ੍ਰਦਰਸ਼ਨਕਾਰੀਆਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਇਸ ਦੌਰਾਨ ਹਾਂਗਕਾਂਗ ਪੁਲਿਸ ਵਲੋਂ ਹਮਲਾਵਰਾਂ ਨੂੰ ਸ਼ਹਿ ਦਿੰਦਿਆਂ ਕੀਤੀ ਅਣਗਹਿਲੀ ਦੇ ਵਿਰੋਧ ‘ਚ ਅੱਜ 3 ਲੱਖ ਤੋਂ ਵੱਧ ਪ੍ਰਦਰਸ਼ਨਕਾਰੀਆਂ ਵਲੋਂ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਕੀਤੇ ਪ੍ਰਦਰਸ਼ਨ ਨੂੰ ਖਦੇੜਨ ਲਈ ਪੁਲਿਸ ਵਲੋਂ ਬਲ ਪ੍ਰਯੋਗ ਕਰਦਿਆਂ ਖੁੱਲ੍ਹ ਕੇ ਅੱਥਰੂ ਗੈਸ, ਮਿਰਚਾਂ ਦੀ ਸਪਰੇਅ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਗਈ | ਪ੍ਰਦਰਸ਼ਨਕਾਰੀਆਂ ਵਲੋਂ ਇਸ ਤੋਂ ਬਚਾਅ ਲਈ ਛੱਤਰੀਆਂ ਅਤੇ ਲੱਕੜੀ ਦੀਆਂ ਢਾਲਾਂ, ਹੈਲਮਟ ਅਤੇ ਮਸਕ ਪਾਏ ਗਏ ਜਿਸ ਨਾਲ ਸਾਰੇ ਇਲਾਕੇ ‘ਚ ਛੱਤਰੀਆਂ ਦਾ ਹੜ੍ਹ ਆ ਗਿਆ | ਇਸ ਪ੍ਰਦਰਸ਼ਨ ਵਿਚ ਸ਼ਾਮਿਲ ਡੈਮੋਕੇ੍ਰਟਿਕ ਪਾਰਟੀ ਦੇ ਲੈਜਿਸਲੇਟਰ ਐਨਡਰਿਊ ਵਾਨ ਅਤੇ ਰੌਏ ਵੌਾਗ ਵਲੋਂ ਪੁਲਿਸ ਵਲੋਂ ਬਿਰਧ ਘਰ ਅਤੇ ਰਿਹਾਇਸ਼ੀ ਇਲਾਕਿਆਂ ਨੇੜੇ ਕੀਤੀ ਅੱਥਰੂ ਗੈਸ ਦੇ ਗੋਲਿਆਂ ਦੀ ਫਾਈਰਿੰਗ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਨਾਲ ਜਾਣ ਦੇਣਾ ਚਾਹੀਦਾ ਸੀ, ਜਦੋਂਕਿ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ਜਵਾਨਾਂ ਅਤੇ ਗੱਡੀਆਂ ‘ਤੇ ਕੀਤੇ ਹਮਲੇ ਤੋਂ ਬਾਅਦ ਮਜਬੂਰਨ ਬਲ ਪ੍ਰਯੋਗ ਕਰਨਾ ਪਿਆ | ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਹਾਂਗਕਾਂਗ ਪੁਲਿਸ ਅਤੇ ਅੰਡਰਵਰਲਡ ਦੇ ਰਲੇਵੇਂ ਵਿਰੁੱਧ ਦੁਨੀਆ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਮੰਨੇ ਜਾਂਦੇ ਹਾਂਗਕਾਂਗ ਹਵਾਈ ਅੱਡੇ ‘ਤੇ ਬੈਨਰ, ਤਖ਼ਤੀਆਂ ਅਤੇ ਲੈਨਿਨਵਾਲ ਬਣਾ ਕੇ ਪ੍ਰਦਰਸ਼ਨ ਕਰਦਿਆਂ ਸੈਲਾਨੀਆਂ ਨੂੰ ਹਾਂਗਕਾਂਗ ਨਾ ਆਉਣ ਦੀ ਸਲਾਹ ਦਿੱਤੀ | ਇਸ ਦੌਰਾਨ ਕੁਝ ਏਅਰਪੋਰਟ ਕਰਮਚਾਰੀ ਵੀ ਪ੍ਰਦਰਸ਼ਨਕਾਰੀਆਂ ਦੇ ਹੱਕ ‘ਚ ਆ ਗਏ ਅਤੇ ਏਅਰਪੋਰਟ ‘ਤੇ ਸਾਈਨ ਕੀਤੀ ਪਟੀਸ਼ਨ ‘ਤੇ ਹੋਏ 15000 ਦਸਤਖ਼ਤਾਂ ‘ਚ 5600 ਤੋਂ ਵੱਧ ਏਅਰਪੋਰਟ ਕਰਮਚਾਰੀਆਂ ਵਲੋਂ ਕੀਤੇ ਗਏ | ਕਰੀਬ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਹਵਾਲਗੀ ਬਿੱਲ ਸਬੰਧੀ ਰੇੜਕੇ ਦੇ ਚੱਲਦਿਆਂ ਇਹ ਕਰੀਬ 8ਵਾਂ ਵੱਡਾ ਇਕੱਠ ਕਰਕੇ ਹਾਂਗਕਾਂਗ ਸਰਕਾਰ ਅਤੇ ਪੁਲਿਸ ਵਿਰੁੱਧ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਹਾਂਗਕਾਂਗ ਦੀ ਸ਼ੇਅਰ ਮਾਰਕੀਟ ਲਗਾਤਾਰ ਗਿਰਾਵਟ ਵੱਲ ਹੈ | ਟੂਰਿਜ਼ਮ ਇੰਡਸਟਰੀ ਬੁਰੀ ਤਰ੍ਹਾਂ ਠੱਪ ਹੋਣ ਕਾਰਨ ਹਾਂਗਕਾਂਗ ਦੇ ਹੋਟਲ ਗੈਸਟ ਹਾਊਸ, ਰੈਸਟੋਰੈਂਟ ਅਤੇ ਹੋਰ ਬਹੁਤ ਸਾਰੇ ਵਪਾਰਕ ਵਰਗ ਬੁਰੀ ਤਰ੍ਹਾਂ ਮੰਦੇ ਦੀ ਮਾਰ ਝੱਲ ਰਹੇ ਹਨ |