ਨਵੀਂ ਦਿੱਲੀ : 17ਵੀਂ ਲੋਕ ਸਭਾ ਦੇ ਗਠਨ ਨੂੰ ਕੁਝ ਹੀ ਦਿਨ ਬਾਕੀ ਰਹਿਣ ਵਿਚਾਲੇ ਜਿੱਤ ਕੇ ਸੰਸਦ ਆਉਣ ਵਾਲੇ ਕਿਸੇ ਵੀ ਨਵੇਂ ਮੈਂਬਰ ਨੂੰ ਹੋਟਲ ’ਚ ਨਹੀਂ ਠਹਿਰਾਇਆ ਜਾਵੇਗਾ। ਇਨ੍ਹਾਂ ਦੇ ਠਹਿਰਨ ਲਈ ਵੈਸਟਰਨ ਕੋਰਟ ਸਮੇਤ ਰਾਜਧਾਨੀ ’ਚ ਮੌਜੂਦ ਵੱਖ ਵੱਖ ਸੂਬਿਆਂ ਦੇ ਭਵਨਾਂ ’ਚ ਪ੍ਰਬੰਧ ਕੀਤੇ ਗਏ ਹਨ।
ਲੋਕ ਸਭਾ ਦੀ ਜਨਰਲ ਸਕੱਤਰ ਸਨੇਹਲਤਾ ਸ੍ਰੀਵਾਸਤਵ ਨੇ ਦੱਸਿਆ ਕਿ ਇਨ੍ਹਾਂ ਥਾਵਾਂ ’ਤੇ ਤਿੰਨ ਸੌ ਕਮਰੇ ਰਾਖਵੇਂ ਰੱਖੇ ਗਏ ਹਨ। ਇਸ ਕਵਾਇਦ ਨੂੰ ਸੰਸਦ ਮੈਂਬਰਾਂ ਨੂੰ ਹੋਟਲਾਂ ’ਚ ਠਹਿਰਾਉਣ ’ਤੇ ਹੋਣ ਵਾਲੇ ਵੱਡੇ ਖਰਚੇ ’ਚ ਕਟੌਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ, ‘ਲੋਕ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਆਰਜ਼ੀ ਤੌਰ ’ਤੇ ਹੋਟਲਾਂ ’ਚ ਠਹਿਰਾਉਣ ਦਾ ਪੁਰਾਣਾ ਪ੍ਰਬੰਧ ਖਤਮ ਕਰ ਦਿੱਤਾ ਗਿਆ ਹੈ। ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਹੋਟਲਾਂ ਦੀ ਥਾਂ ਵੈਸਟਰਨ ਕੋਰਟ, ਨਵੇਂ ਬਣੇ ਅਨੈਕਸੀ ਭਵਨ ਤੇ ਵੱਖ ਵੱਖ ਸੂਬਿਆਂ ਦੇ ਭਵਨਾਂ ’ਚ ਠਹਿਰਾਇਆ ਜਾਵੇਗਾ।’ ਉਨ੍ਹਾਂ ਦੱਸਿਆ ਕਿ ਅਜੇ ਕਰੀਬ 250 ਸੰਸਦ ਮੈਂਬਰਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਜਦੋਂ ਤੱਕ ਉਨ੍ਹਾਂ ਨੂੰ ਪੱਕੀ ਰਿਹਾਇਸ਼ ਨਹੀਂ ਮਿਲ ਜਾਂਦੀ ਤਦ ਤੱਕ ਉਨ੍ਹਾਂ ਲਈ ਆਰਜ਼ੀ ਤੌਰ ’ਤੇ ਰੁਕਣ ਦਾ ਪ੍ਰਬੰਧ ਕੀਤਾ ਗਿਆ ਹੈ।
ਲੋਕ ਸਭਾ ਚੋਣਾਂ ’ਚ 23 ਮਈ ਨੂੰ ਜਿੱਤ ਕੇ ਨਵੇਂ ਮੈਂਬਰ ਸਦਨ ’ਚ ਆਪਣੀ ਹਾਜ਼ਰੀ ਲਗਵਾਉਣਗੇ। ਮੌਜੂਦਾ ਪ੍ਰਬੰਧ ਤਹਿਤ ਸਾਰੇ ਜੇਤੂ ਸੰਸਦ ਮੈਂਬਰਾਂ ਦੇ ਠਹਿਰਨ ਦਾ ਪ੍ਰਬੰਧ ਸੰਸਦ ਵੱਲੋਂ ਕੀਤਾ ਜਾਂਦਾ ਸੀ। ਹਾਲਾਂਕਿ ਇਸ ਦਾ ਖਰਚਾ ਡਾਇਰੈਕਟੋਰੇਟ ਆਫ਼ ਅਸਟੇਟ ਕਰਦਾ ਹੈ। ਲੋਕ ਸਭਾ ਸਕੱਤਰੇਤ ਨੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਰਜਿਸਟਰੇਸ਼ਨ ਤੋਂ ਲੈ ਕੇ ਕੌਮੀ ਰਾਜਧਾਨੀ ’ਚ ਉਨ੍ਹਾਂ ਦੀ ਸਹੂਲਤ ਲਈ ਵੱਡੇ ਪ੍ਰਬੰਧ ਕੀਤੇ ਹਨ। ਇਸ ਲਈ 56 ਨੋਡਲ ਅਧਿਕਾਰੀਆਂ ਸਮੇਤ 150 ਕਰਮਚਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਹਰੇਕ ਨੋਡਲ ਅਧਿਕਾਰੀ ਦੇ ਜ਼ਿੰਮੇ 8-10 ਸੀਟਾਂ ਲਾਈਆਂ ਗਈਆਂ ਹਨ।
ਸੰਸਦ ਮੈਂਬਰਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਪਹਿਲੀ ਵਾਰ ਰਿਟਰਨਿੰਗ ਅਫਸਰਾਂ ਨੂੰ ਅਗਾਊਂ ਫਾਰਮ ਭੇਜੇ ਗਏ ਹਨ ਤਾਂ ਜੋ ਸੰਸਦ ਮੈਂਬਰਾਂ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ ਜਾ ਸਕੇ। -ਪੀਟੀਆਈ