ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਚਾਈਨੀਜ਼ ਯੂਨੀਵਰਸਿਟੀ ਦੇ ਸੱਭਿਆਚਾਰਕ ਵਿਚਾਰ-ਵਟਾਂਦਰੇ ਦੇ ਚਲਾਏ ਪ੍ਰੋਗਰਾਮ ਤਹਿਤ ਸਿੱਖ ਭਾਈਚਾਰੇ ਬਾਰੇ ਜਾਣਕਾਰੀ ਲੈਣ ਲਈ 40 ਵਿਦਿਆਰਥੀਆਂ ਦੇ ਵਫ਼ਦ ਨਾਲ ਗੁਰਦੁਆਰਾ ਖ਼ਾਲਸਾ ਦੀਵਾਨ ਪਹੁੰਚੇ 19 ਸਾਲਾ ਅਮਰੀਕੀ ਵਿਦਿਆਰਥੀ ਮਾਈਕਲ ਪੋਨੈਸਾ ਨੇ ਸਿੱਖ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਸਿੱਖ ਜੀਵਨ ਜਾਂਚ ਅਪਣਾਉਣ ਦਾ ਪ੍ਰਣ ਲਿਆ | ਬੀਤੇ ਦਿਨੀਂ ਹਾਂਗਕਾਂਗ ਦੇ ਬੱਚਿਆਂ ਵਲੋਂ ਮਨਾਏ ਗਏ ਖ਼ਾਲਸਾ ਸਾਜਨਾ ਦਿਵਸ ਮੌਕੇ
ਸ਼ਮੂਲੀਅਤ ਕਰਨ ਲਈ ਗੁਰਦੁਆਰਾ ਖ਼ਾਲਸਾ ਦੀਵਾਨ ਪਹੁੰਚੇ ਉਕਤ ਅਮਰੀਕੀ ਨੌਜਵਾਨ ਨੇ ਦਸਤਾਰ ਸਜਾਉਣ ਦੀ ਇੱਛਾ ਜ਼ਾਹਰ ਕਰਦਿਆਂ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਲਈ ਸਮਾਂ ਲਿਆ | ਆਪਣੇ ਸੰਬੋਧਨ ਦੌਰਾਨ ਮਾਈਕਲ ਪੋਨੈਸਾ ਨੇ ਦੱਸਿਆ ਕਿ ਉਪਰੋਕਤ ਵਿਦਿਆਰਥੀਆਂ ਦੇ ਵਫ਼ਦ ਨਾਲ ਸ: ਗੁਰਦੇਵ ਸਿੰਘ ਗਾਲਿਬ, ਕਮਲਪ੍ਰੀਤ ਕੌਰ ਸਭਰਾ ਅਤੇ ਬੱਚੀ ਪ੍ਰਭਸ਼ਰਨ ਕੌਰ ਦੇ ਸਿੱਖ ਧਰਮ ਬਾਰੇ ਸਵਾਲ-ਜਵਾਬ ਦੌਰਾਨ ਹੋਏ ਵਾਰਤਾਲਾਪ ਰਾਹੀਂ ਸਿੱਖ ਫਲਸਫ਼ੇ ਵਿਚ ਮਨੁੱਖਤਾ ਦੀ ਸੇਵਾ, ਲੰਗਰ ਪ੍ਰਥਾ, ਮਾਨਵਤਾ ਲਈ ਬਿਨਾਂ ਕਿਸੇ ਧਾਰਮਿਕ, ਭੇਦਭਾਵ ਨਾਲ ਕੀਤੀਆਂ ਕੁਰਬਾਨੀਆਂ ਅਤੇ ਗੁਰੂ ਸਾਹਿਬਾਨ ਦੀ ਸਮੁੱਚੀ ਵਿਚਾਰਧਾਰਾ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ | ਚਾਈਨੀਜ਼ ਯੂਨੀਵਰਸਿਟੀ ਆਫ਼ ਹਾਂਗਕਾਂਗ ਦੇ ਪ੍ਰੀ-ਮੈਡੀਕਲ ਕੋਰਸ ਵਿਚੋਂ ਸਮਾਂ ਕੱਢ ਕੇ ਉਹ ਕਰੀਬ ਤਿੰਨ ਮਹੀਨੇ ਤੋਂ ਗੁਰਦੁਆਰਾ ਖ਼ਾਲਸਾ ਦੀਵਾਨ ਆਉਣ ਲੱਗਾ ਅਤੇ ਅੰਗਰੇਜ਼ੀ ਵਿਚ ਗੁਰਬਾਣੀ ਅਧਿਐਨ ਦੇ ਨਾਲ ਉਸ ਨੇ ਕੇਸ ਵੀ ਧਾਰਨ ਕਰ ਲਏ | ਸਿੱਖ ਫਲਸਫ਼ੇ ਪ੍ਰਤੀ ਉਸ ਦੇ ਅੰਦਰ ਉੱਠ ਰਹੇ ਸਵਾਲਾਂ ਦੇ ਜਵਾਬ ਲੱਭਣ ਵਿਚ ਸ: ਸ਼ਰਨਜੀਤ ਸਿੰਘ ਅਤੇ ਬੀਬੀ ਸੁਰਚਨਾ ਕੌਰ ਦੇ ਸਮੁੱਚੇ ਪਰਿਵਾਰ ਵਲੋਂ ਉਸ ਦੀ ਲਗਾਤਾਰ ਮਦਦ ਕੀਤੀ ਜਾਂਦੀ ਰਹੀ | ਉਸ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਸਿੱਖ ਧਰਮ ਬਾਰੇ ਪਤਾ ਲੱਗਾ ਹੈ ਅਤੇ ਉਹ ਅੱਜ ਦਸਤਾਰ ਸਜਾ ਕੇ ਇਕ ਰਾਜੇ ਵਾਲੀ ਖੁਸ਼ੀ ਮਹਿਸੂਸ ਕਰ ਰਿਹਾ ਹੈ | ਇਸ ਮੌਕੇ ਗੁਰਦੁਆਰਾ ਖ਼ਾਲਸਾ ਦੀਵਾਨ ਵਲੋਂ ਹੈੱਡ ਗ੍ਰੰਥੀ ਦਿਲਬਾਗ ਸਿੰਘ ਅਤੇ ਪ੍ਰਧਾਨ ਦਲਜੀਤ ਸਿੰਘ ਨੇ ਪਤਵੰਤਿਆਂ ਦੀ ਮੰਚ ‘ਤੇ ਹਾਜ਼ਰੀ ਵਿਚ ਅਮਰੀਕੀ ਨੌਜਵਾਨ ਮਾਈਕਲ ਪੋਨੇਸਾ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤਾ |































