ਭੁਬਨੇਸ਼ਵਰ : ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਨੇ ਪੁਰਸ਼ ਵਰਗ ਦਾ 14ਵਾਂ ਵਿਸ਼ਵ ਹਾਕੀ ਕੱਪ ਜਿੱਤ ਲਿਆ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਬੈਲਜੀਅਮ ਦੀ ਇਹ ਪਲੇਠੀ ਖ਼ਿਤਾਬੀ ਜਿੱਤ ਹੈ। ਇੱਥੋਂ ਦੇ ਕਲਿੰਗਾ ਸਟੇਡੀਅਮ ਵਿੱਚ ਅੱਜ ਖੇਡੇ ਫਾਈਨਲ ਮੈਚ ਵਿੱਚ ਬੈਲਜੀਅਮ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਅਤੇ ਪਿਛਲੇ ਵਾਰ ਦੀ ਉਪ ਜੇਤੂ ਨੈਦਰਲੈਂਡਜ਼ ਨੂੰ ‘ਸਡਨਡੈੱਥ’ ਰਾਹੀਂ ਦੋ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਹਰਾ ਦਿੱਤਾ। ਦੱਸਣਯੋਗ ਹੈ ਕਿ ਪੂਲ ਮੈਚ ਵਿੱਚ ਭਾਰਤ ਅਤੇ ਬੈਲਜੀਅਮ ਬਰਾਬਰ ਰਹੇ ਸਨ।ਪਿਛਲੇ ਵਾਰ ਦੀ ਜੇਤੂ ਆਸਟਰੇਲੀਆ ਨੂੰ ਕਾਂਸੀ ਦਾ ਤਗ਼ਮਾ ਮਿਲਿਆ।
ਇਸ ਤੋ ਪਹਿਲਾਂ ਬੈਲਜੀਅਮ ਦਾ ਬਿਹਤਰੀਨ ਪ੍ਰਰਦਸ਼ਨ 2014 ਦਾ ਵਿਸ਼ਵ ਕੱਪ ਦਾ ਸੀ ਜਦੋਂ ਇਹ ਟੀਮ ਪੰਜਵੇਂ ਸਥਾਨ ’ਤੇ ਰਹੀ ਸੀ।ਪਿਛਲੇ ਦਸ ਸਾਲਾਂ ਦੌਰਾਨ ਬੈਲਜੀਅਮ ਦੀ ਟੀਮ ਪਹਿਲੀ ਵਾਰ ਇਸ ਕੱਪ ਦੇ ਸੈਮੀਫਾਈਨਲ ਵਿੱਚ ਪੁੱਜੀ ਤੇ ਟਰਾਫੀ ਤੇ ਕਬਜ਼ਾ ਕਰ ਲਿਆ। ਅੱਜ ਦਾ ਫਾਈਨਲ ਮੈਚ ਬੇਹੱਦ ਰੌਚਿਕ ਰਿਹਾ ਜਿਸ ਦੇ ਨਿਰਧਾਰਿਤ ਸਮੇਂ ਤੱਕ ਕੋਈ ਵੀ ਗੋਲ ਕਰਨ ਵਿੱਚ ਅਸਫਲ ਰਹੀ। ਦੋਹਾਂ ਟੀਮਾਂ ਵਲੋਂ ਸਾਫ ਸੁਥਰੀ ਹਾਕੀ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਮੈਚ ਦੌਰਾਨ ਕਿਸੇ ਵੀ ਖਿਡਾਰੀ ਨੂੰ ਚੇਤਾਵਨੀ ਜਾਂ ਕਾਰਡ ਨਹੀਂ ਮਿਲਿਆ।
ਪੈਨਲਟੀ ਸ਼ੂਟ ਆਊਟ ਦੌਰਾਨ ਵੀ ਦੋਵੇਂ ਟੀਮਾਂ 2-2 ਦੀ ਬਰਾਬਰੀ ’ਤੇ ਰਹੀਆਂ। ‘ਸਡਨਡੈੱਥ’ ਦੌਰਾਨ ਨੀਦਰਲੈਂਡ ਦਾ ਜੈਰਨ ਹਰਜ਼ਬਰਗਰ ਗੋਲ ਕਰਨ ਵਿੱਚ ਅਸਫਲ ਰਿਹਾ ਜਦ ਕਿ ਬੈਲਜੀਅਮ ਦੇ ਵਾਨ ਅਬੁਲ ਫਲੋਰੈਂਟ ਨੇ ਗੋਲ ਕਰਕੇ ਇਹ ਵਕਾਰੀ ਟਰਾਫੀ ਪਹਿਲੀ ਵਾਰ ਬੈਲਜੀਅਮ ਦੀ ਝੋਲੀ ਪਾ ਦਿੱਤੀ।
ਇਸ ਤੋਂ ਪਹਿਲਾਂ ਕਾਂਸੀ ਦੇ ਤਮਗੇ ਲਈ ਖੇਡੇ ਗਏ ਮੈਚ ਵਿੱਚ ਪਿਛਲੇ ਵਾਰ ਦੀ ਜੇਤੂ ਆਸਟਰੇਲੀਆ ਨੇ ਇੰਗਲੈਂਡ ਨੂੰ 8-1 ਦੇ ਫਰਕ ਨਾਲ਼ ਹਰਾ ਦਿੱਤਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਤਮਗੇ ਲਈ ਖੇਡੇ ਗਏ ਮੈਚ ਦਾ ਇਹ ਸਭ ਤੋਂ ਵੱਡਾ ਸਕੋਰ ਹੋ ਨਿਬੜਿਆ।ਆਸਟਰੇਲੀਆ ਇਸ ਕੱਪ ਨੂੰ ਜਿੱਤਣ ਦੀ ਸਭ ਤੋਂ ਵੱਡੀ ਦਾਅਵੇਦਾਰ ਸੀ ਪਰ ਟੀਮ ਨੂੰ ਤੀਜੇ ਸਥਾਨ ਤੇ ਹੀ ਸਬਰ ਕਰਨਾ ਪਿਆ।ਇੰਗਲੈਂਡ ਦੀ ਟੀਮ ਪਿਛਲੀ ਵਾਰ ਵੀ ਇਸ ਟੂਰਨਾਮੈਂਟ ਵਿੱਚੋਂ ਚੌਥੇ ਸਥਾਨ ਤੇ ਰਹੀ ਸੀ।
ਨੈਦਰਲੈਂਡਜ਼ ਦੇ ਗੋਲਕੀਪਰ ਬਲਕ ਪੈਰਮਨ ਨੂੰ ਟੂਰਨਾਮੈਂਟ ਦਾ ਬਿਹਤਰੀਨ ਗੋਲਕੀਪਰ ਐਲਾਨਿਆ ਗਿਆ। ਬੈਲਜੀਅਮ ਦਾ ਅਰਥਰ ਡੌਰਨ ਵਾਨ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਬਣਿਆ। ਸਭ ਤੋਂ ਸਾਫ ਸੁਥਰੀ ਹਾਕੀ ਲਈ ਸਪੇਨ ਨੂੰ ਫੇਅਰ ਪਲੇਅ ਸਨਮਾਨ ਦਿੱਤਾ ਗਿਆ।ਮੇਜ਼ਬਾਨ ਭਾਰਤ ਨੂੰ ਬਿਹਤਰੀਨ ਗੋਲ਼ ਸੈਲੀਬਰੇਸ਼ਨ ਟਰਾਫੀ ਨਾਲ਼ ਸਨਮਾਨਿਆ ਗਿਆ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ,ਐਫਆਈਐਚ ਦੇ ਪ੍ਰਧਾਨ ਨਰਿੰਦਰ ਬੱਤਰਾ, ਹਾਕੀ ਇੰਡੀਆ ਦੇ ਪ੍ਰਧਾਨ ਰਜਿੰਦਰ ਸਿੰਘ, ਕ੍ਰਿਕਟਰ ਸਚਿਨ ਤੇਂਦੁਲਕਰ ਤੇ ਸਾਬਕਾ ਹਾਕੀ ਓਲੰਪੀਅਨ ਦਿਲੀਪ ਟਿਰਕੀ ਨੇ ਇਨਾਮਾਂ ਦੀ ਵੰਡ ਕੀਤੀ।