ਅੰਮ੍ਰਿਤਸਰ— ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦੇ ਮਾਮਲੇ ‘ਚ ਪਾਕਿਸਤਾਨ ਨੇ ਇਕ ਵਾਰ ਫਿਰ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਪਾਕਿਸਤਾਨ ਦੀ ਅੰਬੈਸੀ ਨੇ ਕਿਹਾ ਹੈ ਕਿ ਇਸ ਵਾਰ ਇਨ੍ਹਾਂ ਲੋਕਾਂ ਨੂੰ ਵੀਜ਼ਾ ਬੜੀ ਮੁਸ਼ਕਲ 36 ਘੰਟੇ ਪਹਿਲਾਂ ਹੀ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਨਿਰਾਸ਼ਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਦੀ ਯਾਤਰਾ ‘ਚ ਵਿਘਨ ਪਵੇਗਾ। ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 23 ਨਵੰਬਰ ਨੂੰ ਮਨਾਇਆ ਜਾਣਾ ਹੈ ਅਤੇ ਭਾਰਤ ਤੋਂ 21 ਨਵੰਬਰ ਨੂੰ ਅਟਾਰੀ ਰੇਲਵੇ ਸਟੇਸ਼ਨ ਅਤੇ ਸੜਕ ਜ਼ਰੀਏ ਜੱਥਾ ਸਰਹੱਦ ਪਾਰ ਜਾਵੇਗਾ। ਇਸ ਲਈ ਦੇਸ਼ ਭਰ ਦੇ ਤਕਰੀਬਨ 4,000 ਲੋਕਾਂ ਨੇ ਵੀਜ਼ਾ ਲਈ ਅਪਲਾਈ ਕੀਤਾ ਹੈ। ਵੀਜ਼ਾ ਲਈ ਦਿੱਲੀ ਅੰਬੈਸੀ ਦੇ ਚੱਕਰ ਲਾ ਰਹੇ ਸ਼ਰਧਾਲੂਆਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਵੀਜ਼ਾ ਸੋਮਵਾਰ ਯਾਨੀ 19 ਨਵੰਬਰ ਨੂੰ ਬਾਅਦ ਦੁਪਹਿਰ ਤੋਂ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਇੰਨੇ ਲੋਕਾਂ ਨੂੰ ਵੀਜ਼ਾ ਦੇਣ ‘ਚ ਰਾਤ ਦੇ 10 ਵੱਜ ਜਾਣਗੇ।
ਕਈ ਯਾਤਰਾ ਤੋਂ ਰਹਿ ਸਕਦੇ ਹਨ ਵਾਂਝੇ :
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਯਾਤਰਾ ਤੋਂ ਸਿਰਫ 36 ਘੰਟੇ ਪਹਿਲਾਂ ਵੀਜ਼ਾ ਜਾਰੀ ਕਰਨ ਨਾਲ ਕਈ ਸ਼ਰਧਾਲੂ ਯਾਤਰਾ ਤੋਂ ਵਾਂਝੇ ਰਹਿ ਸਕਦੇ ਹਨ ਕਿਉਂਕਿ ਦੂਰ-ਦੁਰਾਡੇ ਵਾਲੇ ਲੋਕਾਂ ਨੂੰ ਤਿਆਰੀ ਦਾ ਵੀ ਸਮਾਂ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ, ਯੂ. ਪੀ., ਦਿੱਲੀ ਦੇ ਲੋਕ ਕਿਸੇ ਤਰ੍ਹਾਂ ਸਰਹੱਦ ਤਕ ਪਹੁੰਚ ਜਾਣਗੇ ਪਰ ਗੁਜਰਾਤ, ਮਹਾਰਾਸ਼ਟਰ ਵਰਗੇ ਸੂਬਿਆਂ ਦੇ ਸ਼ਰਧਾਲੂਆਂ ਲਈ ਮੁਸ਼ਕਲ ਹੋ ਸਕਦੀ ਹੈ। ਅਜਿਹੇ ‘ਚ ਉਨ੍ਹਾਂ ਦੀ ਯਾਤਰਾ ਰੱਦ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਹੁਣ ਤਕ 8 ਦਿਨ ਪਹਿਲਾਂ ਵੀਜ਼ਾ ਮਿਲ ਜਾਂਦਾ ਸੀ ਅਤੇ ਲੋਕ ਆਪਣੇ ਘਰ ਜਾ ਕੇ ਯਾਤਰਾ ਦੀ ਅਰਾਮ ਨਾਲ ਤਿਆਰੀ ਕਰਦੇ ਰਹੇ ਹਨ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯਾਤਰਾ ਲਈ ਦਿਲ ਖੋਲ੍ਹ ਕੇ ਸਵਾਗਤ ਕਰਨ ਤੇ ਵੀਜ਼ਾ ਦੇਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀ ਹੀ ਅੰਬੈਸੀ ਉਨ੍ਹਾਂ ਦੀਆਂ ਗੱਲਾਂ ਦੇ ਉਲਟ ਕੰਮ ਕਰ ਰਹੀ ਹੈ। ਉੱਥੇ ਹੀ ਪੈਦਲ ਜਾਣ ਦੀ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਇਹ ਵੀ ਡਰ ਹੈ ਕਿ ਪਾਕਿਸਤਾਨ ਇਸ ਵਾਰ ਉਨ੍ਹਾਂ ਨੂੰ ਪੈਦਲ ਜਾਣ ਲਈ ਰੋਕ ਸਕਦਾ ਹੈ।