ਗੁਰਜੀਤ ਔਜਲਾ ਨੇ ਦੱਸੀ ਸ਼ਿਲੌਂਗ ਦੀ ਕਹਾਣੀ

0
350

ਚੰਡੀਗੜ੍ਹ: ਸ਼ਿਲੌਂਗ ਤੋਂ ਪਰਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਉੱਥੋਂ ਦੀ ਮੌਜੂਦਾ ਹਾਲਤ ਬਾਰੇ ਦੱਸਿਆ। ਉਨ੍ਹਾਂ ਕਿਹਾ, “ਕਮੇਟੀ ਬਣੀ ਹੈ ਪਰ ਅਸੀਂ ਮੇਘਲਿਆ ਦੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਕਾਨੂੰਨ ਮੁਤਾਬਕ ਸਿੱਖਾਂ ਨੂੰ ਜ਼ਮੀਨ ਮਿਲੇ। ਜੇ ਧੱਕਾ ਹੋਇਆ ਤਾਂ ਪੰਜਾਬ ਸਰਕਾਰ ਸ਼ਿਲੌਂਗ ਦੇ ਸਿੱਖਾਂ ਦੀ ਹਰ ਕਾਨੂੰਨੀ ਲੜਾਈ ਲੜੇਗੀ। ਰਾਜਨਾਥ ਸਿੰਘ ਤੇ ਨਰਿੰਦਰ ਮੋਦੀ ਤੱਕ ਵੀ ਪਹੰਚ ਕਰਾਂਗੇ।”
ਔਜਲਾ ਨੇ ਕਿਹਾ ਕਿ ਗੁਰਦੁਆਰੇ ਦਾ ਕੋਈ ਨੁਕਸਾਨ ਨਹੀਂ ਹੋਇਆ। ਹੋਰ ਮਾਲੀ ਨੁਕਸਾਨ ਹੋਇਆ ਹੈ। ਦੁਕਾਨ, ਸ਼ੋਅਰੂਮ ਆਦਿ ਨੂੰ ਅੱਗ ਲੱਗੀ ਹੈ। ਉਨ੍ਹਾਂ ਕਿਹਾ ਕਿ ਕੁਝ ਗਰਮ ਖਿਆਲੀ ਜਾਣਬੁੱਝ ਕੇ ਝੂਠਾ ਪ੍ਰਚਾਰ ਕਰਕੇ ਮਾਹੌਲ ਵਿਗਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਿਲੌਂਗ ਦੇ ਸਿੱਖਾਂ ਨੇ ਸ਼ਿਲੌਂਗ ਵਿੱਚ ਹੀ ਰਹਿਣਾ ਹੈ। ਲੋਕ ਗ਼ਲਤ ਗੱਲਾਂ ਕਰਕੇ ਉਨ੍ਹਾਂ ਦਾ ਨੁਕਸਾਨ ਨਾ ਕਰਨ।
ਵਫਦ ਨਾਲ ਗਏ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਅਕਾਲੀ ਜਾਣਬੁੱਝ ਕੇ ਮਸਲੇ ‘ਤੇ ਸਿਆਸਤ ਕਰ ਰਹੇ ਹਨ। ਸ਼ਿਲੌਂਗ ਦੇ ਸਿੱਖ ਭਾਈਚਾਰੇ ਨੇ ਉੱਥੇ ਹੀ ਰਹਿਣਾ ਹੈ। ਉਨ੍ਹਾਂ ਲਈ ਸਮੱਸਿਆ ਖੜ੍ਹੀ ਨਹੀਂ ਕਰਨੀ ਚਾਹੀਦੀ। ਇੱਥੇ ਬੀਜੇਪੀ ਦੀ ਸਰਕਾਰ ਹੈ। ਅਕਾਲੀਆਂ ਨੂੰ ਜ਼ਿਆਦਾ ਫਿਕਰ ਹੈ ਤਾਂ ਮੋਦੀ ਨਾਲ ਗੱਲ ਕਰਨ। ਕਾਂਗਰਸ ਸਰਕਾਰ ਸਮੇਂ ਕਦੇ ਕੋਈ ਅਜਿਹੀ ਗੱਲ ਨਹੀਂ ਹੋਈ।
ਉਨ੍ਹਾਂ ਕਿਹਾ, “ਸਿੱਖਾਂ ਨਾਲ ਹੋ ਰਹੇ ਧੱਕੇ ਖਿਲਾਫ ਅਸੀਂ ਖੜ੍ਹੇ ਹਾਂ। ਸਿੱਖਾਂ ਨਾਲ ਕੋਈ ਗੜਬੜ ਨਹੀਂ ਹੋਣ ਦਿਆਂਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਮਸਲਾ ਹੈ ਤੇ ਇਸ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਤਾਂ ਸਾਰਿਆਂ ਇੱਥੋਂ ਚਲੇ ਜਾਣਾ ਸ਼ਿਲੌਂਗ ਦੇ ਸਿੱਖ ਭਰੀਚਾਰੇ ਨੇ ਇੱਥੇ ਹੀ ਰਹਿਣਾ ਹੈ”