ਮੋਹਾਲੀ : ਸਮਾਜ-ਸੇਵਾ ਸੁੱਖੀ ਬਾਠ ਹੁਰਾਂ ਦਾ ਸ਼ੌਕ ਹੈ। ਉਨ੍ਹਾਂ ਦੀ ਸਦਾ ਇਹੋ ਕੋਸਿ਼ਸ਼ ਰਹਿੰਦੀ ਹੈ ਕਿ ਉਹ ਸੁੱਖ-ਸਹੂਲਤਾਂ ਤੋਂ ਹੁਣ ਤੱਕ ਵਾਂਝੇ ਰਹੇ ਲੋਕਾਂ ਦੇ ਚਿਹਰੇ `ਤੇ ਕਿਸੇ ਤਰ੍ਹਾਂ ਥੋੜ੍ਹੀ ਮੁਸਕਰਾਹਟ ਲਿਆ ਸਕਣ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ `ਚ ਉਨ੍ਹਾਂ ਦਾ ਆਪਣਾ ਆਟੋ-ਡੀਲਰਸਿ਼ਪ ਦਾ ਵਧੀਆ ਕਾਰੋਬਾਰ ਹੈ। ਸਰੀ `ਚ ਉਨ੍ਹਾਂ ਦਾ ਪੰਜਾਬ ਭਵਨ ਹੈ, ਜਿੱਥੇ ਆਮ ਤੌਰ `ਤੇ ਪੰਜਾਬੀ ਹੀ ਨਹੀਂ, ਫਿ਼ਲੀਪੀਨਜ਼ ਤੇ ਚੀਨ ਮੂਲ ਦੇ ਪ੍ਰਵਾਸੀ ਵੀ ਆਪਣੇ ਸਮਾਜਕ-ਸਭਿਆਚਾਰਕ ਸਮਾਰੋਹ ਕਰਵਾਉਂਦੇ ਹਨ।
ਸਰੀ ਦੇ ਪੰਜਾਬ ਭਵਨ `ਚ ਅਜਿਹੇ ਕਿਸੇ ਵੀ ਸਭਿਆਚਾਰਕ ਸਮਾਰੋਹ ਲਈ ਕੋਈ ਫ਼ੀਸ ਵਸੂਲ ਨਹੀਂ ਕੀਤੀ ਜਾਂਦੀ; ਸਗੋਂ ਮਹਿਮਾਨਾਂ ਨੂੰ ਗਰਮਾ-ਗਰਮ ਸਮੋਸੇ ਵਰਤਾ ਕੇ ਪ੍ਰਾਹੁਣਚਾਰੀ ਦਾ ਧਰਮ ਵੀ ਨਿਭਾਇਆ ਜਾਂਦਾ ਹੈ।
ਸੁੱਖੀ ਬਾਠ ਹੁਣ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਭਲਾਈ ਲਈ ਵੀ ਨਿੱਤਰਨ ਵਾਲੇ ਹਨ। ਇਸ ਸਬੰਧੀ ਉਨ੍ਹਾਂ ਦੀ ਗੱਲਬਾਤ ਸੂਬੇ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਚੱਲ ਰਹੀ ਹੈ। ਉਹ ਪੰਜਾਬ ਦੇ ਸਕੂਲਾਂ `ਚ ਆਰਓ (RO), ਕੂਲਰ, ਆਡੀਓ-ਵਿਜ਼ੂਅਲ ਏਡਸ ਤੇ ਫ਼ਰਨੀਚਰ ਮੁਹੱਈਆ ਕਰਵਾਉਣਗੇ। ਇਹ ਸਭ ਕਿਸੇ ਇੱਕ-ਅੱਧ ਸਕੂਲ ਨੂੰ ਨਹੀਂ, ਸਗੋਂ ਅਗਲੇ ਤਿੰਨ ਵਰ੍ਹਿਆਂ `ਚ ਸਾਰੇ 12 ਹਜ਼ਾਰ ਸਕੂਲਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ।
ਸ੍ਰੀ ਬਾਠ ਨੇ ਦੱਸਿਆ,‘ਕ੍ਰਿਸ਼ਨ ਕੁਮਾਰ ਹੁਰਾਂ ਨੇ ਮੈਨੂੰ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਇੱਕ ਸੂਚੀ ਬਣਾ ਕੇ ਦੇਣਗੇ, ਜਿਹੜੀਆਂ ਸੂਬੇ ਦੇ ਸਕੂਲਾਂ ਨੂੰ ਲੋੜੀਂਦੀਆਂ ਹਨ। ਅਗਲੇ ਵਰ੍ਹੇ ਫ਼ਰਵਰੀ ਮਹੀਨੇ ਤੋਂ ਪੰਜਾਬ ਦੇ ਸਕੂਲਾਂ ਨੂੰ ਇਹ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।`