ਨਵੀਂ ਦਿੱਲੀ— ਕਾਂਗਰਸ ਪਾਰਟੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਰਹੇ ਰੁਪਏ ਖਿਲਾਫ ਸੋਮਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।ਪਾਰਟੀ ਦੇ ਸੀਨੀਅਰ ਬੁਲਾਰੇ ਅਜੇ ਮਾਕਨ ਨੇ ਐਤਵਾਰ ਨੂੰ ਹੈੱਡ ਆਫਿਸ ‘ਚ ਆਯੋਜਿਤ ਵਿਸ਼ੇਸ਼ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਕਾਂਗਰਸ ਅਤੇ ਬਰਾਬਰ ਦੀ ਵਿਚਾਰਧਾਰਾ ਵਾਲੀਆਂ 20 ਹੋਰ ਪਾਰਟੀਆਂ ਨੇ ਇਸ ਰਾਸ਼ਟਰ ਪੱਧਰੀ ਬੰਦ ਦਾ ਸਮਰਥਨ ਕੀਤਾ ਹੈ। ਵੱਖ-ਵੱਖ ਵਪਾਰਕ ਸੰਗਠਨਾਂ ਤੇ ਟਰੇਡ ਯੂਨੀਅਨਾਂ ਨੇ ਵੀ ਇਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਕਾਂਗਰਸ ਨੇ ਰਾਫੇਲ ਜਹਾਜ਼ ਸੌਦੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਗਠਿਤ ਕਰਨ ਜਾਂ ਇਸ ‘ਤੇ ਚਰਚਾ ਕਰਾਉਣ ਤੋਂ ਪਿੱਛੇ ਹਟਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਹੈ।ਰਾਸ਼ਟਰੀ ਜਨਤਾਂਤਰਿਕ ਗੱਠਜੋੜ (ਰਾਜਗ) ਸਰਕਾਰ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਦੇ ਬੁਲਾਰੇ ਅਜੇ ਮਾਕਨ ਨੇ ਕਿਹਾ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਾ ਤਾਂ ਇਸ ਦੀ ਕੋਈ ਜਾਂਚ ਚਾਹੁੰਦੀ ਹੈ ਤੇ ਨਾ ਹੀ ਕੋਈ ਚਰਚਾ। ਸਾਲ 2014 ਦੀਆਂ ਆਮ ਚੋਣਾਂ ਵਿਚ ਮੋਦੀ ਲਈ ਭ੍ਰਿਸ਼ਟਾਚਾਰ ‘ਤੇ ਰੋਕ ਲਾਉਣਾ ਮੁੱਖ ਨਾਅਰਾ ਸੀ ਪਰ ਹੁਣ ਉਹ ਜਨਤਾ ਦੇ ਮੁੱਦਿਆਂ ਤੋਂ ਦੂਰ ਹੋ ਰਹੇ ਹਨ।