ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਪੰਜਾਬ ਦੌਰੇ ਦੌਰਾਨ ਪਾਰਟੀ ‘ਚ ਚੱਲ ਰਿਹਾ ਕਲੇਸ਼ ਖਤਮ ਕਰਾਉਣ ‘ਚ ਅਸਫਲ ਰਹੇ ਪਰ ਉਹ ਜਾਂਦੇ-ਜਾਂਦੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਖਹਿਰਾ ਧੜੇ ਨਾਲ ਸੁਲਾਹ ਦਾ ਰਸਤਾ ਖੋਲ੍ਹ ਗਏ ਹਨ। ਕੇਜਰੀਵਾਲ ਨੇ ਸੰਕੇਤ ਦਿੱਤੇ ਹਨ ਕਿ ਖਹਿਰਾ ਧੜੇ ਦੀਆਂ ਜਾਇਜ਼ ਮੰਗਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਸਭ ਤੋਂ ਵੱਡੀ ਮੰਗ ਖੁਦਮੁਖਤਿਆਰੀ ਦੀ ਹੈ। ਇਸ ਨੂੰ ਲੈ ਕੇ ਹੀ ਦਿੱਲੀ ਤੇ ਪੰਜਾਬ ਇਕਾਈ ਦੀ ਆਪਸ ‘ਚ ਲੜਾਈ ਚੱਲ ਰਹੀ ਹੈ। ਜੇਕਰ ਖਹਿਰਾ ਧੜੇ ਨੇ ਇਸ ਮੰਗ ਨੂੰ ਛੱਡ ਕੇ ਕੇਜਰੀਵਾਲ ਨਾਲ ਹੱਥ ਮਿਲਾ ਲਿਆ ਤਾਂ ਕਾਰਕੁੰਨਾਂ ਦੀ ਭੀੜ ਦਾ ਖਹਿਰਾ ਤੋਂ ਦੂਰ ਹੋਣਾ ਤੈਅ ਹੈ।
ਜਾਣੋ ਕਿਉਂ ਵਧੀ ਤਲਖੀ
ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਖਹਿਰਾ ਨੂੰ 26 ਜੁਲਾਈ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ‘ਚ 20 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦੋਫਾੜ ਹੋ ਗਈ ਸੀ। ਖੁਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਖਹਿਰਾ ਨੇ 8 ਵਿਧਾਇਕਾਂ ਦੇ ਸਮਰਥਨ ਨਾਲ ਬਗਾਵਤ ਕਰ ਦਿੱਤੀ ਸੀ। ਇਹ ਸਾਰੇ ਇਕਜੁੱਟ ਹਨ ਤੇ ਪਾਰਟੀ ਦੇ ਮਹੱਤਵਪੂਰਨ ਫੈਸਲੇ ਖੁਦ ਲੈ ਰਹੇ ਹਨ। ਕੇਜਰੀਵਾਲ ਦੇ ਸਮਰਥਨ ਵਾਲੇ ਭਗਵੰਤ ਮਾਨ ਧੜੇ ਵਲੋਂ ਲਏ ਜਾ ਰਹੇ ਫੈਸਲਿਆਂ ਦਾ ਖਹਿਰਾ ਧੜਾ ਖੁੱਲ੍ਹ ਕੇ ਵਿਰੋਧ ਕਰ ਰਿਹਾ ਹੈ।