ਟੋਕੀਓ – ਆਮ ਤੌਰ ‘ਤੇ ਨੌਕਰੀਪੇਸ਼ਾ ਲੋਕ ਸੋਮਵਾਰ ਨੂੰ ਦਫ਼ਤਰਾਂ ‘ਚ ਜਾਣ ਸਮੇਂ ਔਖਿਆਈ ਮਹਿਸੂਸ ਕਰਦੇ ਹਨ, ਪਰ ਜਾਪਾਨ ਦੀ ਸਰਕਾਰ ਨੇ ਸੋਮਵਾਰ ਨੂੰ ਸਵੇਰੇ ਉੱਠਣ ਅਤੇ ਮੂਡ ਨੂੰ ਖ਼ਰਾਬ ਕਰਕੇ ਕੰਮ ‘ਤੇ ਜਾਣ ਦੇ ਤਣਾਅ ਨੂੰ ਖ਼ਤਮ ਕਰਨ ਲਈ ਸੋਮਵਾਰ ਦੀ ਸਵੇਰ ਨੂੰ ਕਰਮਚਾਰੀਆਂ ਦੇ ਨਾਂਅ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਉਨ੍ਹਾਂ ਦੇ ਦਫ਼ਤਰ ਆਉਣ ਦੇ ਸਮੇਂ ਨੂੰ ਦੁਪਹਿਰ ਤੱਕ ਵਧਾ ਦਿੱਤਾ ਹੈ ਤਾਂ ਕਿ ਉਨ੍ਹਾਂ ਦੀ ਨੀਂਦ ਪੂਰੀ ਹੋ ਸਕੇ ਤੇ ਕੰਮ ‘ਚ ਮਨ ਲੱਗੇ | ਜਾਪਾਨੀ ਅਰਥਵਿਵਸਥਾ, ਵਪਾਰ ਤੇ ਉਦਯੋਗ ਮੰਤਰਾਲੇ ਦਾ ਮੰਨਣਾ ਹੈ ਕਿ ‘ਸ਼ਾਈਨਿੰਗ ਮੰਡੇ’ ਯੋਜਨਾ ਸਾਰੇ ਕਰਮਚਾਰੀਆਂ ਨੂੰ ਸੋਮਵਾਰ ਸਵੇਰ ਦੇ ਤਣਾਅ ਤੋਂ ਮੁਕਤ ਰੱਖੇਗੀ |
ਇਸ ਸਬੰਧੀ ਇਕ ਪ੍ਰੀਖਣ ਵੀ ਕੀਤਾ ਗਿਆ, ਜਿਸ ਨਾਲ ਦਫ਼ਤਰੀ ਕੰਮ ‘ਤੇ ਦੁਪਹਿਰ ਤੱਕ ਦਾ ਆਉਣ ਦਾ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਿਆ | ਜ਼ਿਕਰਯੋਗ ਹੈ ਕਿ ਜਾਪਾਨ ਦੇ ਲੋਕਾਂ ਲਈ ਕੰਮ ਦਾ ਬੋਝ ਘੱਟ ਕਰਨ ਦੀਆਂ ਯੋਜਨਾਵਾਂ ਕਾਫ਼ੀ ਹੱਦ ਤੱਕ ਅਸਫਲ ਰਹੀਆਂ ਸਨ, ਜਿਸ ‘ਤੇ ਹੁਣ ਇਹ ਯੋਜਨਾ ਲਾਗੂ ਕੀਤੀ ਗਈ ਹੈ |