ਜਕਾਰਤਾ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 18 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਵਾਲੀਆਂ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਭਾਰਤ ਦਾ ਸ਼ੁਰੂਆਤੀ ਮੈਚ ਹਾਂਗਕਾਂਗ ਨਾਲ ਹੋਵੇਗਾ। ਮੌਜੂਦਾ ਚੈਂਪੀਅਨ ਭਾਰਤ ਇਸ ਟੂਰਨਾਮੈਂਟ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਦੇ ਨਾਲ-ਨਾਲ ਟੋਕੀਓ ਓਲੰਪਿਕ ਟਿਕਟ ਪਾਉਣ ਲਈ ਚੁਣੌਤੀ ਪੇਸ਼ ਕਰੇਗਾ।
ਏਸ਼ਿਆਈ ਹਾਕੀ ਸੰਘ ਨੇ ਏਸ਼ਿਆਈ ਖੇਡਾਂ ਦੀ ਪੁਰਸ਼ ਅਤੇ ਹਾਕੀ ਮੁਕਾਬਲਿਆਂ ਦਾ ਅੱਜ ਪ੍ਰੋਗਰਾਮ ਜਾਰੀ ਕੀਤਾ ਹੈ। ਇਹ ਟੂਰਨਾਮੈਂਟ 2020 ਦੇ ਟੋਕੀਓ ਓਲੰਪਿਕ ਲਈ ਪਹਿਲਾ ਕੁਆਲੀਫਾਇਰ ਹੈ। ਨਾਲ ਹੀ ਏਸ਼ਿਆਈ ਖੇਡਾਂ ਦੀ ਹਾਕੀ ਵਿੱਚ ਪਹਿਲੀ ਵਾਰ ਵੀਡੀਓ ਰੈਫਰਲ ਸਿਸਟਮ ਦੀ ਵਰਤੋਂ ਵੀ ਕੀਤੀ ਜਾਵੇਗੀ। ਹਾਕੀ ਮੁਕਾਬਲਿਆਂ ਵਿੱਚ 14 ਦੇਸ਼ਾਂ ਦੀਆਂ 21 ਟੀਮਾਂ ਪੁਰਸ਼ ਅਤੇ ਮਹਿਲਾ ਵਰਗ ਵਿੱਚ ਹਿੱਸਾ ਲੈਣਗੀਆਂ। 14 ਦਿਨ ਵਿੱਚ ਦੋਵੇਂ ਵਰਗਾਂ ਦੇ ਕੁੱਲ 60 ਮੈਚ ਖੇਡੇ ਜਾਣਗੇ, ਜੋ ਜਕਾਰਤਾ ਵਿੱਚ ਹੋਣਗੇ। ਪੁਰਸ਼ ਵਰਗ ਵਿੱਚ 11 ਟੀਮਾਂ ਨੂੰ ਪੰਜ ਅਤੇ ਛੇ ਦੇ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ। ਪੁਰਸ਼ ਵਰਗ ਵਿੱਚ ਭਾਰਤ ਨੂੰ ਪੂਲ ‘ਏ’ ਵਿੱਚ ਕੋਰੀਆ, ਜਾਪਾਨ, ਸ੍ਰੀਲੰਕਾ ਅਤੇ ਹਾਂਗਕਾਂਗ ਦੀਆਂ ਟੀਮਾਂ ਵਿੱਚ ਰੱਖਿਆ ਹੈ, ਜਦੋਂਕਿ ਪੂਲ ‘ਬੀ’ ਵਿੱਚ ਮਲੇਸ਼ੀਆ, ਪਾਕਿਸਤਾਨ, ਬੰਗਲਾਦੇਸ਼, ਓਮਾਨ, ਥਾਈਲੈਂਡ ਅਤੇ ਇੰਡੋਨੇਸ਼ੀਆ ਹਨ। ਮਹਿਲਾ ਵਰਗ ਵਿੱਚ ਕੁੱਲ ਦਸ ਟੀਮਾਂ ਹਨ। ਭਾਰਤ ਨੂੰ ਪੂਲ ‘ਬੀ’ ਵਿੱਚ ਕੋਰੀਆ, ਥਾਈਲੈਂਡ, ਕਜ਼ਾਖ਼ਿਸਤਾਨ ਅਤੇ ਇੰਡੋਨੇਸ਼ੀਆ ਨਾਲ ਥਾਂ ਮਿਲੀ ਹੈ। ਪੂਲ ‘ਏ’ ਵਿੱਚ ਚੀਨ, ਜਾਪਾਨ, ਮਲੇਸ਼ੀਆ, ਹਾਂਗਕਾਂਗ ਅਤੇ ਚੀਨੀ ਤਾਇਪੈ ਟੀਮਾਂ ਹਨ।
ਪੁਰਸ਼ ਵਰਗ ਵਿੱਚ ਭਾਰਤ ਦਾ ਪਹਿਲਾ ਮੈਚ ਹਾਂਗਕਾਂਗ ਨਾਲ 22 ਅਗਸਤ ਨੂੰ, ਦੂਜਾ ਮੈਚ ਜਾਪਾਨ ਨਾਲ 24 ਅਗਸਤ ਨੂੰ, ਤੀਜਾ ਮੈਚ ਕੋਰੀਆ ਨਾਲ 26 ਅਗਸਤ ਨੂੰ ਅਤੇ ਚੌਥਾ ਮੈਚ ਸ੍ਰੀਲੰਕਾ ਨਾਲ 28 ਅਗਸਤ ਨੂੰ ਹੋਵੇਗਾ। ਮਹਿਲਾ ਵਰਗ ਵਿੱਚ ਭਾਰਤ ਦਾ ਪਹਿਲਾ ਮੁਕਾਬਲਾ ਇੰਡੋਨੇਸ਼ੀਆ ਨਾਲ 19 ਅਗਸਤ ਨੂੰ, ਦੂਜਾ ਕਜ਼ਾਖ਼ਿਸਤਾਨ ਨਾਲ 21 ਅਗਸਤ ਨੂੰ, ਤੀਜਾ ਕੋਰੀਆ ਨਾਲ 25 ਅਗਸਤ ਨੂੰ ਅਤੇ ਚੌਥਾ ਮੁਕਾਬਲਾ ਥਾਈਲੈਂਡ ਨਾਲ 27 ਅਗਸਤ ਨੂੰ ਹੋਵੇਗਾ। ਦੋਵਾਂ ਵਰਗਾਂ ਵਿੱਚ ਹਰ ਪੂਲ ਤੋਂ ਦੋ-ਦੋ ਚੋਟੀ ਦੀਆਂ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚਣਗੀਆਂ। ਸੋਨ ਤਗ਼ਮੇ ਲਈ ਮਹਿਲਾ ਵਰਗ ਦਾ ਮੈਚ 31 ਅਗਸਤ ਅਤੇ ਪੁਰਸ਼ ਮੈਚ ਪਹਿਲੀ ਸਤੰਬਰ ਨੂੰ ਖੇਡੇ ਜਾਣਗੇ। ਜੇਤੂ ਟੀਮ ਨੂੰ ਟੋਕੀਓ ਓਲੰਪਿਕ ਦਾ ਟਿਕਟ ਮਿਲ ਜਾਵੇਗਾ। ਏਸ਼ਿਆਈ ਖੇਡਾਂ ਦੇ ਇਸ ਸੈਸ਼ਨ ਵਿੱਚ ਪਹਿਲੀ ਵਾਰ ਹਾਕੀ ਮੁਕਾਬਲਿਆਂ ਦੌਰਾਨ ਵੀਡੀਓ ਰੈਫਰਲ ਸਿਸਟਮ ਦੀ ਵਰਤੋਂ ਹੋਵੇਗੀ। ਹਾਲਾਂਕਿ ਇਹ ਸਿਸਟਮ ਖਡੇ ਦਾ ਇੱਕ ਅਟੁੱਟ ਹਿੱਸਾ ਬਣ ਗਿਆ ਹੈ, ਪਰ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਇਸ ਦੀ ਵਰਤੋਂ ਕੀਤੀ ਜਾਵੇਗੀ। -ਆਈਏਐਨਐਸ