ਆਓ, ਪਿੰਡਾਂ ਨੂੰ ਰੁੱਖਾਂ ਨਾਲ ਸ਼ਿੰਗਾਰੀਏ

0
359

‘‘ਸਾਡੇ ਪਿੰਡਾਂ ਵਿੱਚ ਰੱਬ ਵਸਦਾ’’ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਸੀ ਅਤੇ ਕੁਝ ਲੋਕ ਅਜੇ ਵੀ ਇਸ ਗੱਲ ਨੂੰ ਮੰਨਦੇ ਹਨ, ਪਰ ਇਸ ਵਿੱਚ ਅੱਜ ਕਿੰਨੀ ਸਚਾਈ ਬਚੀ ਹੈ, ਉਸ ਬਾਰੇ ਅਸੀਂ ਸਭ ਭਲੀ-ਭਾਂਤ ਜਾਣੂ ਹਾਂ। ਸਾਡੇ ਖੇਤ, ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਛੱਪੜ, ਸੱਥਾਂ ਸਭ ਦਿਨ-ਬ-ਦਿਨ ਰੁੱਖ ਵਿਹੂਣੇ ਹੁੰਦੇ ਜਾ ਰਹੇ ਹਨ, ਪਰ ਪਿਛਲੇ ਕੁਝ ਅਰਸੇ ਵਿੱਚ ਕਾਫ਼ੀ ਪਿੰਡਾਂ ਦਾ ਨੌਜਵਾਨ ਵਰਗ ਪਿੰਡਾਂ ਨੂੰ ਫਿਰ ਤੋਂ ਹਰਿਆ-ਭਰਿਆ ਕਰਨ ਲਈ ਅੱਗੇ ਆਇਆ ਹੈ। ਪੰਜਾਬ ਵਿੱਚ ਕੁੱਲ ਪਿੰਡਾਂ ਦੀ ਗਿਣਤੀ 12 ਹਜ਼ਾਰ ਤੋਂ ਉੱਪਰ ਹੈ ਤੇ ਜੇਕਰ ਪਿੰਡਾਂ ਵਿੱਚ ਰੁੱਖ ਵਿਉਂਤਬੰਦੀ ਨਾਲ ਲਾਏ ਜਾਣ ਤਾਂ ਫਿਰ ਤੋਂ ਸੋਹਣੇ ਮਾਹੌਲ ਦੀ ਕਾਮਨਾ ਕੀਤੀ ਜਾ ਸਕਦੀ ਹੈ। ਪਿੰਡਾਂ ਵਿੱਚ ਧਾਰਮਿਕ ਸਥਾਨ ਹਨ, ਜਿਸ ਤਹਿਤ ਜ਼ਿਆਦਾਤਰ ਪਿੰਡਾਂ ਵਿੱਚ ਗੁਰਦੁਆਰੇ ਅਤੇ ਮੰਦਰ ਵੇਖਣ ਨੂੰ ਮਿਲਦੇ ਹਨ। ਜਿੰਨੇ ਵੀ ਗੁਰਦੁਆਰੇ ਪਿੰਡ ਵਿੱਚ ਮੌਜੂਦ ਹੋਣ, ਉੱਥੇ ਜਗ੍ਹਾ ਦੀ ਮੌਜੂਦਗੀ ਅਨੁਸਾਰ ਫੁੱਲਾਂ ਅਤੇ ਛਾਂ ਵਾਲੇ ਰੁੱਖ਼ਾਂ ਦੀ ਲੋੜ ਪੈਂਦੀ ਹੈ। ਬਣਾਉਟੀ ਫੁੱਲਾਂ ਦੀ ਬਜਾਏ ਜੇਕਰ ਤਾਜ਼ੇ ਫੁੱਲ ਵਰਤਣ ਦੀ ਆਦਤ ਪਵੇ ਤਾਂ ਜ਼ਿਆਦਾ ਵਧੀਆ ਹੈ। ਅੱਜਕੱਲ੍ਹ ਗੁਰਦੁਆਰੇ ਦਾ ਸਾਰਾ ਬਜਟ ਪੱਥਰ ਲਾਉਣ ’ਤੇ ਲਾਇਆ ਜਾਂਦਾ ਹੈ, ਜਿਸ ਵਿੱਚੋਂ ਕੁਝ ਹਿੱਸਾ ਹਰਿਆਵਲ ਲਈ ਰੱਖਣਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬ ਨੇ ਕਿਹਾ ਸੀ:
ਸਾ ਧਰਤੀ ਭਈ ਹਰੀਆਵਲੀ
ਜਿਥੈ ਮੇਰਾ ਸਤਿਗੁਰ ਬੈਠਾ ਆਇ।।

ਪਿੰਡਾਂ ਦੇ ਲੋਕ ਦੁਖ-ਸੁਖ ਵਿੱਚ ਗੁਰਦੁਆਰੇ ਜਾਂ ਮੰਦਰ ਵਿੱਚ ਇਕੱਠੇ ਹੁੰਦੇ ਹਨ, ਸੋ ਉੱਥੇ ਬੈਠਣ ਲਈ ਸੰਘਣੀ ਥਾਂ ਵਾਲੇ ਰੁੱਖਾਂ ਦੇ ਪੌਦੇ ਜ਼ਰੂਰ ਲਾਉਣੇ ਚਾਹੀਦੇ ਹਨ। ਬਹੁਤ ਖੁੱਲ੍ਹੇ ਸਥਾਨਾਂ ਵਿੱਚ ਛਾਂ ਲਈ ਪਿੱਪਲ, ਬੋਹੜ, ਪਿਲਕਣ ਆਦਿ ਅਤੇ ਦਰਮਿਆਨੇ ਸਥਾਨਾਂ ਵਿੱਚ ਸੁਖਚੈਨ, ਡੇਕ, ਨਿੰਮ, ਮੌਲਸਰੀ, ਤੂਤ ਆਦਿ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮੰਦਰਾਂ ਵਿੱਚ ਹਿੰਦੂ ਧਰਮ ਨਾਲ ਸਬੰਧਤ ਰੁੱਖਾਂ ਦੇ ਪੌਦੇ ਜਿਵੇਂ ਕਿ ਬਿੱਲ-ਪੱਤਰ, ਪਿੱਪਲ, ਚੰਪਾ, ਹਾਰ ਸ਼ਿੰਗਾਰ ਅਤੇ ਕੰਦਬ ਵਰਗੇ ਪੌਦੇ ਲਾਉਣੇ ਚਾਹੀਦੇ ਹਨ। ਮੰਦਰਾਂ ਵਿੱਚ ਤੁਲਸੀ ਦੇ ਪੌਦੇ ਪ੍ਰਸ਼ਾਦ ਵਜੋਂ ਵੰਡੇ ਜਾ ਸਕਦੇ ਹਨ। ਕੁਝ ਪਿੰਡਾਂ ਵਿੱਚ ਡੇਰੇ ਬਣੇ ਹੁੰਦੇ ਹਨ। ਉਨ੍ਹਾਂ ਵਿੱਚ ਜਗ੍ਹਾ ਦੀ ਮੌਜੂਦਗੀ ਅਨੁਸਾਰ ਦਵਾਈਆਂ ਵਾਲੇ ਰੁੱਖਾਂ ਦੇ ਪੌਦੇ, ਬਹੇੜਾ, ਆਂਵਲਾ, ਕਰੌਂਦਾ, ਸੁਹਾਂਜਣਾ, ਕੜੀ ਪੱਤਾ, ਸ਼ੀਤਾ ਅਸ਼ੋਕ, ਅਰਜਨ ਅਤੇ ਸੰਭਾਲੂ ਵਰਗੇ ਪੌਦੇ ਲਾਏ ਜਾ ਸਕਦੇ ਹਨ। ਹਰ ਪਿੰਡ ਵਿੱਚ ਸ਼ਮਸ਼ਾਨਘਾਟ ਤਾਂ ਹੁੰਦਾ ਹੀ ਹੈ। ਇਸ ਸਥਾਨ ’ਤੇ ਛਾਂਦਾਰ ਰੁੱਖਾਂ ਦੇ ਨਾਲ-ਨਾਲ ਫੁੱਲਾਂ ਵਾਲੇ ਰੁੱਖਾਂ ਦੇ ਪੌਦੇ ਲਾਏ ਜਾ ਸਕਦੇ ਹਨ। ਕੁਝ ਪਿੰਡਾਂ ਵਿੱਚ ਸ਼ਮਸ਼ਾਨਘਾਟ ਲਾਗੇ ਖਾਲ੍ਹੀ ਥਾਂ ਮੌਜੂਦ ਹੁੰਦੀ ਹੈ, ਉੱਥੇ ਲੱਕੜ ਦੀ ਪ੍ਰਾਪਤੀ ਵਾਲੇ ਪੌਦੇ ਜਿਵੇਂ ਕਿ ਟਾਹਲੀ, ਸਫ਼ੈਦਾ, ਕਿੱਕਰ, ਨਿੰਮ, ਬਰਮਾ ਡੇਕ ਆਦਿ ਲਾਏ ਜਾ ਸਕਦੇ ਹਨ। ਪਿੰਡ ਵਿੱਚ ਪਈ ਸ਼ਾਮਲਾਤ ਵਾਲੀ ਜ਼ਮੀਨ ਵਿੱਚ ਛਾਂਦਾਰ, ਫ਼ਲਦਾਰ ਜਾਂ ਫਿਰ ਲੱਕੜ ਪ੍ਰਾਪਤੀ ਵਾਲੇ ਰੁੱਖ ਦੇ ਪੌਦੇ ਲਾਏ ਜਾ ਸਕਦੇ ਹਨ।
ਪਿੰਡਾਂ ਵਿੱਚ ਇਕੱਠੇ ਜੁਟ ਕੇ ਬੈਠਣ ਵਾਲੀਆਂ ਥਾਵਾਂ ਜਿਵੇਂ ਕਿ ਸੱਥ, ਧਰਮਸ਼ਾਲਾ, ਪੰਚਾਇਤ ਘਰ ਵਰਗੇ ਸਥਾਨਾਂ ’ਤੇ ਛਾਂਦਾਰ ਰੁੱਖਾਂ ਦੇ ਪੌਦੇ ਲਾਉਣੇ ਚਾਹੀਦੇ ਹਨ। ਜੇਕਰ ਜਗ੍ਹਾ ਦੀ ਮੌਜੂਦਗੀ ਹੋਵੇ ਤਾਂ ਛਾਂ ਵਾਲੇ ਰੁੱਖਾਂ ਦੇ ਨਾਲ-ਨਾਲ ਪੂਰਬ ਅਤੇ ਦੱਖਣ ਵਾਲੀਆਂ ਦਿਸ਼ਾਵਾਂ ਵਿੱਚ ਪੱਤਝੜੀ ਪੌਦੇ ਲਾਉਣੇ ਚਾਹੀਦੇ ਹਨ ਤਾਂ ਜੋ ਸਰਦੀਆਂ ਵਿੱਚ ਧੁੱਪ ਅਤੇ ਗਰਮੀਆਂ ਵਿੱਚ ਛਾਂ ਪ੍ਰਾਪਤੀ ਹੋ ਸਕੇ। ਸਰਦ ਰੁੱਤ ਵਿੱਚ ਪੱਤੇ ਝਾੜਨ ਵਾਲੇ ਰੁੱਖਾਂ ਦੀ ਸ਼੍ਰੇਣੀ ਵਿੱਚ ਮੰਦਾਰੂ, ਸੁਹਾਂਜਣਾ, ਨੀਲੀ ਗੁਲਮੋਹਰ, ਕੇਸ਼ੀਆ, ਰੇਸ਼ਮੀ ਰੂੰ, ਬਰਨਾ ਅਤੇ ਤੂਤ ਆਦਿ ਦੇ ਪੌਦੇ ਲਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿੱਚ ਅੱਜਕੱਲ੍ਹ ਗ੍ਰਾਮ ਸੇਵਾ ਕੇਂਦਰ, ਪਾਣੀ ਭਰਨ ਲਈ ਆਰ.ਓ. ਸਿਸਟਮ ਲਾਏ ਗਏ ਹਨ। ਇਨ੍ਹਾਂ ਦੋਨਾਂ ਸਥਾਨਾਂ ’ਤੇ ਛਾਂ ਵਾਲੇ ਰੁੱਖਾਂ ਦੇ ਪੌਦੇ ਲਾਉਣੇ ਚਾਹੀਦੇ ਹਨ। ਵੱਡੇ ਰੁੱਖਾਂ ਦੀ ਬਜਾਏ ਦਰਮਿਆਨੇ ਰੁੱਖ ਸੁਖਚੈਨ, ਕਟਹਲ, ਪੀਲੀ ਕਨੇਰ, ਕੇਸ਼ੀਆ, ਗਲੂਕਾ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪਿੰਡ ਵਿੱਚ ਮੌਜੂਦ ਸਥਾਨ ਜਿਵੇਂ ਕਿ ਹਸਪਤਾਲ, ਪਸ਼ੂ ਹਸਪਤਾਲ, ਖੇਤੀਬਾੜੀ ਨਾਲ ਸਬੰਧਤ ਸੁਸਾਇਟੀ, ਆਂਗਨਵਾੜੀ ਸੈਂਟਰ ਆਦਿ ਸਭਨਾਂ ਸਥਾਨਾਂ ’ਤੇ ਲੋਕਾਂ ਦੇ ਬੈਠਣ ਲਈ ਛਾਂਦਾਰ ਰੁੱਖਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ। ਅਕਸਰ ਇਨ੍ਹਾਂ ਸਥਾਨਾਂ ’ਤੇ ਜਗ੍ਹਾ ਦੀ ਥੁੜ੍ਹ ਹੁੰਦੀ ਹੈ ਤਾਂ ਇੱਥੇ ਹਮੇਲੀਆ, ਚਾਂਦਨੀ, ਹਾਰ ਸ਼ਿੰਗਾਰ, ਸਾਵਨੀ, ਟੈਕੋਮਾ, ਕਨੇਰ ਪੀਲੀ ਤੇ ਕਨੇਰ ਲਾਲ ਆਦਿ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਪਿੰਡਾਂ ਵਿੱਚ ਸਕੂਲ ਮੁੱਖ ਰੂਪ ਵਿੱਚ ਪ੍ਰਾਇਮਰੀ ਜਾਂ ਸੈਕੰਡਰੀ ਪੱਧਰ ਦੇ ਹੁੰਦੇ ਹਨ। ਸਕੂਲਾਂ ਵਿੱਚ ਰੁੱਖਾਂ ਦੀ ਵਿਉਂਤਬੰਦੀ ਸਭ ਤੋਂ ਬਿਹਤਰੀਨ ਤਰੀਕੇ ਨਾਲ ਹੋਣੀ ਲਾਜ਼ਮੀ ਹੈ। ਪਿੰਡ ਦੇ ਸਰਦੇ-ਪੁੱਜਦੇ ਸੱਜਣਾਂ ਜਾਂ ਐੱਨਆਰਆਈ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਸਥਾਨਾਂ ਦੇ ਨਾਲ-ਨਾਲ ਵਿੱਦਿਆ ਦੇ ਮੰਦਰਾਂ ਪ੍ਰਤੀ ਵੀ ਸੁਚੇਤ ਹੋਣ। ਸਕੂਲ ਦੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਪੂਰਾ ਯੋਗਦਾਨ ਪਾਉਣ। ਸਕੂਲ ਵਿੱਚ ਹਰ ਕਿਸਮ ਦਾ ਰੁੱਖ ਮੌਜੂਦ ਹੋਣਾ ਚਾਹੀਦਾ ਹੈ ਤੇ ਉਸ ’ਤੇ ਬਾਕਾਇਦਾ ਤਖ਼ਤੀ ਲੱਗੀ ਹੋਣੀ ਚਾਹੀਦੀ ਹੈ।
ਔਰਤਾਂ ਜਾਂ ਮੁਟਿਆਰਾਂ ਲਈ ਸਾਂਝੀਆਂ ਇਕੱਠੀਆਂ ਹੋਣ ਵਾਲੀਆਂ ਥਾਵਾਂ ’ਤੇ ਮਾਹੌਲ ਪਿੰਡਾਂ ਵਿੱਚੋਂ ਵਿਸਰ ਹੀ ਚੱਲੇ ਹਨ। ਤੀਆਂ ਅਸਲ ਰੂਪ ਦੀ ਬਜਾਏ, ਅੱਜ ਕੱਲ੍ਹ ਪੈਲੇਸਾਂ, ਹੋਟਲਾਂ ਵਿੱਚ ਜਾ ਵੜੀਆਂ ਹਨ, ਪਰ ਸਾਨੂੰ ਅਜਿਹੇ ਸਥਾਨਾਂ ਨੂੰ ਪਿੰਡਾਂ ’ਚੋਂ ਕੱਢਣ ਦੀ ਬਜਾਏ, ਰੱਖਣਾ ਚਾਹੀਦਾ ਹੈ। ਪਿੰਡਾਂ ਵਿੱਚ ਮੌਜੂਦ ਵਾਟਰ ਵਰਕਸ ਵਾਲੀਆਂ ਥਾਵਾਂ ਸੁੰਦਰ ਬਣਾਈਆਂ ਜਾ ਸਕਦੀਆਂ ਹਨ। ਹਰ ਪਿੰਡ ਵਿੱਚ ਕਈ ਬੱਸ ਅੱਡੇ ਹੁੰਦੇ ਹਨ। ਬੱਸ ਅੱਡਿਆਂ ’ਤੇ ਛਾਂ ਅਤੇ ਪਾਣੀ ਦਾ ਪ੍ਰਬੰਧ ਲਾਜ਼ਮੀ ਹੈ। ਛਾਂ ਵਾਲੇ ਪੌਦੇ ਇਸ ਸਥਾਨ ਨੂੰ ਆਰਾਮਦਾਇਕ ਤੇ ਖ਼ੂਬਸੂਰਤ ਬਣਾ ਸਕਦੇ ਹਨ। ਪਿੰਡ ਵਿੱਚ ਮੌਜੂਦ ਗਊਸ਼ਾਲਾ ਵਿੱਚ ਜਾਂ ਆਸਪਾਸ ਚਾਰੇ ਪਾਸੇ ਪੌਦੇ ਲਾਏ ਜਾ ਸਕਦੇ ਹਨ।
ਛੱਪੜ ਹਰ ਪਿੰਡ ਵਿੱਚ ਮੌਜੂਦ ਹੁੰਦੇ ਹਨ। ਛੱਪੜਾਂ ਦੀ ਸਫ਼ਾਈ ਦਾ ਕੰਮ ਕਾਫ਼ੀ ਪਿੰਡਾਂ ਨੇ ਵਧ ਚੜ੍ਹ ਕੇ ਕੀਤਾ ਹੈ, ਪਰ ਛੱਪੜਾਂ ਦੁਆਲੇ ਖਾਲ੍ਹੀ ਜਗ੍ਹਾ ਨੂੰ ਖ਼ੂਬਸੂਰਤ ਦਿੱਖ ਵੀ ਦੇਣੀ ਚਾਹੀਦੀ ਹੈ। ਕਾਫ਼ੀ ਪਿੰਡ ਛੱਪੜਾਂ ਦੇ ਆਸ-ਪਾਸ ਨੂੰ ਸਿਰਫ਼ ਕੰਕਰੀਟ ਜਾਂ ਫੌਕਸ ਟੇਲ ਵਰਗੇ ਪੌਦੇ ਲਾ ਕੇ ਖ਼ੂਬਸੂਰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫੁੱਲਾਂ ਵਾਲੇ ਪੌਦੇ ਸਮਾਂ ਜ਼ਰੂਰ ਲੈਂਦੇ ਹਨ, ਪਰ ਗੁਲਮੋਹਰਾਂ, ਅਮਲਤਾਸ, ਕਚਨਾਰ, ਕੇਸ਼ੀਆ, ਰੇਸ਼ਮੀ ਰੂੰ, ਚੰਪਾ ਆਦਿ ਦਾ ਮੁਕਾਬਲਾ ਫੌਕਸ ਟੇਲ ਕਿੱਥੋਂ ਕਰਨਗੇ। ਛੱਪੜਾਂ ਨੇੜੇ ਖ਼ਾਸ ਤੌਰ ’ਤੇ ਝੁਕਦੀਆਂ ਟਾਹਣੀਆਂ ਵਾਲੇ ਰੁੱਖਾਂ ਦੇ ਪੌਦੇ ਜਿਵੇਂ ਬੋਤਲ ਬੁਰਸ਼, ਵੀਪਿੰਗ ਵਿਲੋ, ਪੁਤਰਨਜੀਵਾ ਆਦਿ ਲਗਾਏ ਹੋਣ ਤਾਂ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਛੱਪੜਾਂ ਨੇੜੇ ਬਾਂਸ ਦੇ ਪੌਦੇ ਵੀ ਲਾਏ ਜਾ ਸਕਦੇ ਹਨ।
ਪਿੰਡਾਂ ਵਿੱਚ ਮੌਜੂਦ ਅਨਾਜ ਮੰਡੀਆਂ ਵਿੱਚ ਸਦਾਬਹਾਰ ਤੇ ਘੱਟ ਫ਼ਲ ਕੇਰਨ ਵਾਲੇ ਰੁੱਖ ਹੋਣੇ ਚਾਹੀਦੇ ਹਨ। ਖੇਡ ਮੈਦਾਨਾਂ ਦੇ ਚਾਰੇ ਪਾਸੇ ਛਾਂਦਾਰ ਤੇ ਫ਼ਲਦਾਰ ਰੁੱਖਾਂ ਦਾ ਸੁਮੇਲ ਹੋਣਾ ਲਾਜ਼ਮੀ ਹੈ। ਪਿੰਡਾਂ ਦੀਆਂ ਫਿਰਨੀਆਂ ਅਤੇ ਸੜਕਾਂ/ਗਲੀਆਂ ਵਿੱਚ ਜਗ੍ਹਾ ਅਨੁਸਾਰ ਛੋਟੇ ਰੁੱਖਾਂ ਦੇ ਪੌਦੇ ਜਾਂ ਫਿਰ ਝਾੜੀਨੁਮਾ ਪੌਦੇ ਲਾਉਣੇ ਚਾਹੀਦੇ ਹਨ। ਪਿੰਡ ਨੂੰ ਆਉਂਦੀ ਹਰ ਸੜਕ ’ਤੇ ਇੱਕੋ ਜਾਂ ਦੋ ਰੰਗਾਂ ਦੇ ਫੁੱਲਾਂ ਵਾਲੇ ਪੌਦੇ ਲਾਉਣੇ ਚਾਹੀਦੇ ਹਨ। ਮੁੱਕਦੀ ਗੱਲ ਤਾਂ ਇਹ ਹੈ ਕਿ ਸਾਨੂੰ ਸਾਡੇ ਪਿੰਡਾਂ ਨੂੰ ਫਿਰ ਤੋਂ ਸੋਹਣਾ ਤੇ ਹਰਿਆ-ਭਰਿਆ ਬਣਾਉਣਾ ਚਾਹੀਦਾ ਹੈ। ਕੰਕਰੀਟ ਦੇ ਜੰਗਲ ਨਾਲੋਂ ਰੁੱਖਾਂ ਨਾਲ ਸ਼ਿੰਗਾਰੀ ਧਰਤੀ ਹੀ ਰੱਬ ਦੇ ਨੇੜੇ ਹੋਣ ਦਾ ਅਹਿਸਾਸ ਕਰਵਾ ਸਕਦੀ ਹੈ।
ਪਿੱਪਲ ਗਾਵੇ, ਬੋਹੜ ਗਾਵੇ, ਗਾਵੇ ਹਰਿਆਲਾ ਤੂਤ
ਖੜ੍ਹ ਕੇ ਸੁਣ ਰਾਹੀਆ, ਤੇਰੀ ਰੂਹ ਹੋ ਜੂਗੀ ਸੂਤ।
ਡਾ. ਬਲਵਿੰਦਰ ਸਿੰਘ ਲੱਖੇਵਾਲੀ  ਸੰਪਰਕ: 98142-39041