ਸਿਡਨੀ : ਥਾਈਲੈਂਡ ਦੀ ਗੁਫਾ ‘ਚ ਫਸੇ ਫੁੱਟਬਾਲ ਟੀਮ ਦੇ ਖਿਡਾਰੀਆਂ ਨੂੰ ਕੱਢਣ ਵਿਚ ਮਦਦ ਕਰਨ ਵਾਲੇ ਆਸਟ੍ਰੇਲੀਆ ਦੇ ਦੋ ਗੋਤਾਖੋਰਾਂ ਨੂੰ ਡਿਪਲੋਮੈਟ ਛੋਟ ਦਿੱਤੀ ਗਈ ਸੀ ਕਿ ਜੇਕਰ ਮੁਹਿੰਮ ਦੌਰਾਨ ਕੁਝ ਵੀ ਗਲਤ ਹੁੰਦਾ ਹੈ ਤਾਂ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਰਾਸ਼ਟਰੀ ਪ੍ਰਸਾਰਣਕਰਤਾ ਏ. ਬੀ. ਸੀ. ਨੇ ਇਕ ਖਬਰ ਵਿਚ ਇਹ ਜਾਣਕਾਰੀ ਦਿੱਤੀ। ਥਾਈ ਨੇਵੀ ਸੀਲ ਅਤੇ ਕੌਮਾਂਤਰੀ ਗੋਤਾਖੋਰ ਮਾਹਰਾਂ ਨੇ 3 ਦਿਨ ਚੱਲੇ ਬਹੁਤ ਹੀ ਜ਼ੋਖਮ ਭਰੀ ਮੁਹਿੰਮ ‘ਚ ਹਿੱਸਾ ਲੈਣ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਥਾਈਲੈਂਡ ਸਰਕਾਰ ਵਿਚਾਲੇ ਉਨ੍ਹਾਂ ਨੂੰ ਡਿਪਲੋਮੈਟ ਛੋਟ ਦੇਣ ਨੂੰ ਲੈ ਕੇ ਗੱਲਬਾਤ ਹੋਈ ਸੀ। ਇਸ ਵਿਚ ਕਿਹਾ ਗਿਆ ਸੀ ਕਿ ਜੇਕਰ ਇਸ ਜ਼ੋਖਮ ਭਰੀ ਮੁਹਿੰਮ ਦੌਰਾਨ ਕੁਝ ਵੀ ਗੜਬੜ ਹੁੰਦੀ ਹੈ ਤਾਂ ਇਨ੍ਹਾਂ ‘ਤੇ ਮੁਕੱਦਮਾ ਨਹੀਂ ਚਲਾਇਆ ਜਾਵੇਗਾ।
ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਨੇ ਇਸ ਖਬਰ ਦੀ ਪੁਸ਼ਟੀ ਕਰਨ ਤੋਂ ਜਾਂ ਇਸ ਨੂੰ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ। ਬਚਾਅ ਮੁਹਿੰਮ ‘ਚ ਜੁੱਟੇ ਆਸਟ੍ਰੇਲੀਆ ਦੇ ਇਕ ਗੋਤਾਖੋਰ ਨੇ ਘਰ ਪਰਤਣ ਤੋਂ ਬਾਅਦ ਸਥਾਨਕ ਮੀਡੀਆ ਨੂੰ ਦੱਸਿਆ ਇਹ ਮੁਹਿੰਮ ਪੂਰੀ ਤਰ੍ਹਾਂ ਨਾਲ ਜ਼ਿੰਦਗੀ ਅਤੇ ਮੌਤ ਦੀ ਸੀ ਅਤੇ ਗੋਤਾਖੋਰ ਮਾਹਰਾਂ ਨੂੰ ਇਹ ਪਤਾ ਨਹੀਂ ਸੀ ਕਿ ਕੀ ਉਹ ਸਾਰੇ 12 ਲੜਕਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਸਫਲਤਾਪੂਰਵਕ ਬਚਾਉਣ ਵਿਚ ਸਫਲ ਹੋਣਗੇ। ਇਹ ਸਾਡੇ ਲਈ ਖਤਰਨਾਕ ਨਹੀਂ ਸੀ ਪਰ ਮੈਂ ਇਹ ਦੱਸ ਨਹੀਂ ਸਕਦਾ ਕਿ ਇਹ ਬੱਚਿਆਂ ਲਈ ਕਿੰਨਾ ਖਤਰਨਾਕ ਸੀ। ਗੁਫਾ ਵਿਚੋਂ ਨਿਕਲਣ ਤੋਂ ਬਾਅਦ ਸਾਰੇ ਲੜਕਿਆਂ ਦਾ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਹੈ।