ਬਰਲਿਨ: ਕਰੀਬ ਇੱਕ ਕਰੋੜ 10 ਲੱਖ ਡੀਜ਼ਲ ਕਾਰਾਂ ਦੀ ਪ੍ਰਦੂਸ਼ਣ ਜਾਂਚ (ਇਮੀਸ਼ਨ ਟੈਸਟਿੰਗ) ਵਿੱਚ ਗੜਬੜੀ ਕਰਨ ਦੇ ਇਲਜ਼ਾਮ ਵਿੱਚ ਫੌਕਸਵੈਗਨ ਦੇ ਔਡੀ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੂਪਰਟ ਸਟੈਡਲਰ ਨੂੰ ਅੱਜ ਸਵੇਰੇ ਜਰਮਨ ਅਫ਼ਸਰਾਂ ਨੇ ਗ੍ਰਿਫ਼ਤਾਰ ਕਰ ਲਿਆ।
ਕੰਪਨੀ ਨੇ ਕਾਰ ਵਿੱਚ ਅਜਿਹਾ ਸਾਫ਼ਟਵੇਅਰ ਪਾਇਆ ਸੀ ਜਿਸ ਨਾਲ ਪ੍ਰਦੂਸ਼ਣ ਜਾਂਚ ਦੇ ਸਹੀ ਨਤੀਜੇ ਸਾਹਮਣੇ ਹੀ ਨਹੀਂ ਆਉਂਦੇ ਸੀ। ਸਤੰਬਰ 2015 ਵਿੱਚ ਕੰਪਨੀ ਨੇ ਖ਼ੁਦ ਇਹ ਖ਼ੁਲਾਸਾ ਕੀਤਾ ਸੀ ਕਿ ਕੰਪਨੀ ਨੇ ਅਮਰੀਕੀ ਵਾਤਾਵਰਨ ਸੁਰੱਖਿਆ ਏਜੰਸੀ, ਕੈਲੀਫ਼ੋਰਨੀਆ ਏਅਰ ਰਿਸੋਰਸ ਬੋਰਡ ਤੇ ਸਾਰੇ ਗਾਹਕਾਂ ਨਾਲ ਬੇਈਮਾਨੀ ਕੀਤੀ ਜਿਸ ਕਰਕੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਏ।
2009 ਦੀ ਸੰਯੁਕਤ ਰਾਸ਼ਟਰ ਜਲਵਾਯੂ ਬੈਠਕ ਵਿੱਚ ਅਮਰੀਕਾ, ਚੀਨ ਤੇ ਯੂਰਪ ਸਮੇਤ ਕਈ ਵੱਡੇ ਦੇਸ਼ਾਂ ਨੇ ਗਲੋਬਲ ਵਾਰਮਿੰਗ ਘਟਾਉਣ ਲਈ ਸਹਿਮਤੀ ਪ੍ਰਗਟਾਈ ਸੀ। ਇਸ ਲਈ ਇਮੀਸ਼ਨ (ਪ੍ਰਦੂਸ਼ਣ) ਘੱਟ ਕਰਨ ਦੀ ਯੋਜਨਾ ਬਣਾਈ ਗਈ ਸੀ। ਟ੍ਰਾਂਸਪੋਰਟ ਤੋਂ ਹਵਾ ਦਾ ਸਭ ਤੋਂ ਵੱਧ ਪ੍ਰਦੂਸ਼ਣ ਹੁੰਦਾ ਹੈ।
ਅਜਿਹੇ ਵਿੱਚ ਨਵੀਆਂ ਗੱਡੀਆਂ ਸਬੰਧੀ ਅਮਰੀਕਾ ਸਣੇ ਕਈ ਦੇਸ਼ਾਂ ਨੇ ਇਸ ਸਬੰਧੀ ਨਿਯਮ ਸਖ਼ਤ ਕਰ ਦਿੱਤੇ ਤੇ ਨਿਯਮ ਨਾ ਮੰਨਣ ਵਾਲੀਆਂ ਕੰਪਨੀਆਂ ’ਤੇ ਭਾਰੀ ਜੁਰਮਾਨਾ ਲਾਉਣ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਸਖ਼ਤੀ ਦੇ ਬਾਅਦ 2009 ਦੇ ਅੰਤ ਵਿੱਚ ਫੌਕਸਵੈਗਨ ਨੇ ਆਪਣੀਆਂ ਕਾਰਾਂ ਵਿੱਚ ਏਈਸੀਡੀ (ਔਗਜ਼ਿਲਿਰੀ ਇਮੀਸ਼ਨ ਕੰਟਰੋਲ) ਨਾਂ ਦਾ ਸਾਫਟਵੇਅਰ ਲਾ ਕੇ ਈਪੀਏ ਕੋਲ ਟੈਸਟਿੰਗ ਲਈ ਭੇਜਣਾ ਸ਼ੁਰੂ ਕਰ ਦਿੱਤਾ। ਇਮੀਸ਼ਨ ਟੈਸਟਿੰਗ ਲਈ ਫੌਕਸਵੈਗਨ ਨੇ ਇੱਕ ਅਲੱਗ ਡਿਵਾਈਸ ਬਣਾਈ ਹੋਈ ਸੀ ਜੋ ਪ੍ਰਦੂਸ਼ਣ ਨੂੰ ਕੰਟਰੋਲ ਕਰਦੀ ਸੀ ਤੇ ਜਦੋਂ ਨਾਰਮਲ ਟੈਸਟਿੰਗ ’ਤੇ ਜਾਂਦੀ ਸੀ ਤਾਂ ਮਸ਼ੀਨ ਬੰਦ ਹੋ ਜਾਂਦੀ ਸੀ।
ਇਸ ਦਾ ਸਾਫਟਵੇਅਰ ਅਜਿਹਾ ਸੀ ਜੋ ਟਾਰਕ ਨੂੰ ਕੰਟਰੋਲ ਕਰ ਕੇ ਐਵਰੇਜ ਤੇ ਕਾਰ ਦਾ ਓਵਰਆਲ ਪਰਮਾਰਮੈਂਸ ਵਧਾ ਦਿੰਦਾ ਸੀ ਤੇ ਕਾਰਬਨ ਇਮੀਸ਼ਨ ਨੂੰ ਘਟਿਆ ਹੋਇਆ ਦੱਸਦਾ ਸੀ। ਉਸ ਸਮੇਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਮੀਸ਼ਨ ਕੰਟਰੋਲ ਸਾਫਟਵੇਅਰ ਦੇ ਨਾਂ ’ਤੇ ਕੰਪਨੀ ਨੇ ਗਾਹਕਾਂ ਤੋਂ 7 ਹਜ਼ਾਰ ਡਾਲਰ ਦੀ ਹੋਰ ਰਕਮ ਵਸੂਲੀ ਸੀ।































