ਚੀਨ ਨੇ ਭਾਰਤ ਵਿਚ ਯਾਤਰਾ ਕਰਨ ਵਾਲੇ ਚੀਨਿਆ ਲਈ ਚੇਤਾਵਨੀ ਜਾਰੀ ਕੀਤੀ

0
443

ਹਾਂਗਕਾਂਗ 9 ਜੁਲਾਈ 2017(ਗਰੇਵਾਲ): ਸਿੱਕਿਮ ਸੈਕਟਰ ਦੇ ਡੋਕਲਾਮ ਇਲਾਕੇ ‘ਚ ਭਾਰਤੀ ਅਤੇ ਚੀਨੀ ਫੌਜੀਆਂ ‘ਚ ਗਤੀਰੋਧ ਦਰਮਿਆਨ ਚੀਨ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਸ਼ਨੀਵਾਰ ਸੁਰੱਖਿਆ ਨੂੰ ਲੈ ਕੇ ਸੁਚੇਤ ਕੀਤਾ ਹੈ। ਇਥੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਯਾਤਰਾ ਅਲਰਟ ਨਹੀਂ ਹੈ। ਇਹ ਸਲਾਹ ਹੈ, ਜਿਸ ‘ਚ ਚੀਨੀ ਯਾਤਰੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਚੀਨ ਵਲੋਂ ਨਾਗਰਿਕਾਂ ਨੂੰ ਦਿੱਤੀ ਗਈ ਸਲਾਹ ‘ਚ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਸੁਰੱਖਿਆ ਹਾਲਾਤ ‘ਤੇ ਧਿਆਨ ਦੇਣ ਦੀ ਲੋੜ ਅਤੇ ਅਹਿਤਿਆਤ ਵਰਤਣ ਨੂੰ ਕਿਹਾ ਗਿਆ ਹੈ। ਸਾਵਧਾਨੀ ‘ਚ ਭਾਰਤ ਜਾਣ ਵਾਲੇ ਚੀਨੀ ਯਾਤਰੀਆਂ ਨੂੰ ਨਵੀਂ ਦਿੱਲੀ ‘ਚ ਚੀਨੀ ਸਫਾਰਤਖਾਨੇ ਰਾਹੀਂ ਸਾਵਧਾਨੀ ਜਾਰੀ ਕੀਤੀ ਗਈ ਹੈ। ਚੀਨ ਨੇ ਪੰਜ ਜੁਲਾਈ ਨੂੰ ਕਿਹਾ ਸੀ ਕਿ ਉਹ ਸੁਰੱਖਿਆ ਹਾਲਾਤ ਨੂੰ ਦੇਖਦੇ ਹੋਏ ਭਾਰਤ ਜਾਣ ਵਾਲੇ ਚੀਨੀ ਨਾਗਰਿਕਾਂ ਲਈ ਯਾਤਰਾ ਅਲਰਟ ਜਾਰੀ ਕਰਨ ‘ਤੇ ਫੈਸਲਾ ਕਰੇਗਾ। ਉਸ ਨੇ ਸਰਕਾਰੀ ਮੀਡੀਆ ‘ਚ ਆਈਆਂ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਤਵੱਜੋ ਨਹੀਂ ਦਿੱਤੀ ਸੀ ਜਿਸ ‘ਚ ਚੀਨੀ ਨਿਵੇਸ਼ਕਾਂ ਤੋਂ ਸਰਹੱਦ ‘ਤੇ ਵਿਵਾਦ ਦੇ ਮੱਦੇਨਜ਼ਰ ਸੁਚੇਤ ਰਹਿਣ ਲਈ ਕਿਹਾ ਗਿਆ ਸੀ। ਚੀਨ ਅਤੇ ਭਾਰਤ ਵਿਚਾਲੇ ਪਿਛਲੇ ਤਿੰਨ ਹਫਤੇ ਤੋਂ ਭੂਟਾਨ ਟ੍ਰਾਈ-ਜੰਕਸ਼ਨ ਨੇੜੇ ਡੋਕਲਾਮ ਇਲਾਕੇ ‘ਚ ਗਤੀਰੋਧ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਦੀ ਫੌਜ ਦੇ ਨਿਰਮਾਣ ਦਸਤੇ ਨੇ ਇਕ ਸੜਕ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਡੋਕਾ ਲਾ ਉਸ ਖੇਤਰ ਦਾ ਭਾਰਤੀ ਨਾਂ ਹੈ ਜਿਸ ਨੂੰ ਭੂਟਾਨ ‘ਚ ਡੋਕਾਲਾਮ ਕਿਹਾ ਜਾਂਦਾ ਹੈ। ਚੀਨ ਇਸ ਨੂੰ ਆਪਣੇ ਡੋਂਗਲਾਂਗ ਖੇਤਰ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ। ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤੱਕ 3488 ਕਿਲੋਮੀਟਰ ਲੰਬੀ ਭਾਰਤ-ਚੀਨ ਸਰਹੱਦ ਦਾ 220 ਕਿਲੋਮੀਟਰ ਹਿੱਸਾ ਸਿੱਕਿਮ ‘ਚ ਪੈਂਦਾ ਹੈ।