ਨਵੀਂ ਦਿੱਲੀ-ਵਿਦੇਸ਼ੀ ਸੈਲਾਨੀਆਂ ਨੂੰ ਭਾਰਤ ‘ਚ ਕੀਤੀ ਗਈ ਖਰੀਦਦਾਰੀ ਦਾ ਜੀ. ਐੱਸ. ਟੀ. ਰੀਫੰਡ ਵਾਪਸ ਪਰਤਦੇ ਸਮੇਂ ਏਅਰਪੋਰਟ ‘ਤੇ ਮਿਲ ਜਾਵੇਗਾ। ਰੈਵੇਨਿਊ ਡਿਪਾਰਟਮੈਂਟ ਇਸ ਤਰ੍ਹਾਂ ਦਾ ਮੈਕੇਨਿਜ਼ਮ ਜਲਦ ਹੀ ਤਿਆਰ ਕਰ ਲਵੇਗਾ। ਸ਼ੁਰੂਆਤ ‘ਚ ਅਜਿਹੇ ਸੈਲਾਨੀਆਂ ਨੂੰ ਉਸੇ ਖਰੀਦਦਾਰੀ ਦਾ ਰੀਫੰਡ ਵਾਪਸ ਮਿਲੇਗਾ, ਜੋ ਖਰੀਦਦਾਰੀ ਉਨ੍ਹਾਂ ਨੇ ਵੱਡੇ ਰਿਟੇਲਰਸ ਤੋਂ ਕੀਤੀ ਹੋਵੇਗੀ।
ਗਲਤ ਬਿੱਲਾਂ ‘ਤੇ ਨਹੀਂ ਮਿਲੇਗਾ ਜੀ. ਐੱਸ.ਟੀ. ਰੀਫੰਡ
ਅਧਿਕਾਰੀਆਂ ਅਨੁਸਾਰ ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਗਲਤ ਬਿੱਲਾਂ ਦੇ ਆਧਾਰ ‘ਤੇ ਜੀ. ਐੱਸ. ਟੀ. ਦਾ ਕਲੇਮ ਨਾ ਕੀਤਾ ਜਾ ਸਕੇ। ਸ਼ੁਰੂਆਤ ‘ਚ ਅਜਿਹਾ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਕਿ ਵੱਡੇ ਰਿਟੇਲਰਸ ਤੋਂ ਖਰੀਦਦਾਰੀ ਦਾ ਜੀ. ਐੱਸ. ਟੀ. ਵਾਪਸ ਕੀਤਾ ਜਾ ਸਕੇ।
ਜੀ. ਐੱਸ.ਟੀ. ‘ਚ ਹਨ ਇਹ ਪ੍ਰਬੰਧ
ਜੀ. ਐੱਸ. ਟੀ. ‘ਚ ਵਿਦੇਸ਼ੀ ਸੈਲਾਨੀਆਂ ਨੂੰ ਖਰੀਦਦਾਰੀ ‘ਤੇ ਲਿਆ ਗਿਆ ਟੈਕਸ ਵਾਪਸ ਕਰਨ ਦਾ ਪ੍ਰਬੰਧ ਹੈ ਪਰ ਅਜੇ ਇਹ ਸ਼ੁਰੂ ਨਹੀਂ ਹੋ ਸਕਿਆ ਹੈ। ਏ. ਐੱਮ. ਆਰ. ਜੀ. ਅਤੇ ਐਸੋਸੀਏਟ ਦੇ ਪਾਰਟਨਰ ਰਜਤ ਮੋਹਨ ਅਨੁਸਾਰ ਵਿਦੇਸ਼ੀ ਸੈਲਾਨੀਆਂ ਨੂੰ ਜੀ. ਐੱਸ. ਟੀ. ਦਾ ਰੀਫੰਡ ਦੇਣਾ ਚੰਗੀ ਗੱਲ ਹੈ ਅਤੇ ਇਸ ਨਾਲ ਸਰਕਾਰੀ ਖਜ਼ਾਨੇ ‘ਤੇ ਜ਼ਿਆਦਾ ਬੋਝ ਨਹੀਂ ਪਵੇਗਾ। ਉਨ੍ਹਾਂ ਅਨੁਸਾਰ ਸਿੰਗਾਪੁਰ ਅਤੇ ਆਸਟਰੇਲੀਆ ਵਰਗੇ ਦੇਸ਼ਾਂ ‘ਚ ਆਨਲਾਈਨ ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਨਾਲ ਵਿਦੇਸ਼ੀ ਸੈਲਾਨੀ ਆਸਾਨੀ ਨਾਲ ਖਰੀਦਦਾਰੀ ਕਰ ਸਕਦੇ ਹਨ।