ਇਕ ਤਸਵੀਰ ਜੋ ਬਦਲਦੇ ਭਵਿੱਖ ਵੱਲ ਇਸ਼ਾਰਾ ਕਰ ਰਹੀ ਹੈ

0
786

ਵਾਸ਼ਿੰਗਟਨ: ਜੀ-7 ਦੇਸ਼ਾਂ ਦੇ 2018 ਦੇ ਸੰਮੇਲਨ ਮੌਕੇ ਖਿੱਚੀ ਗਈ ਇਸ ਤਸਵੀਰ ਨੇ ਕੌਮਾਂਤਰੀ ਸਿਆਸਤ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਖਲਬਲੀ ਮਚਾ ਦਿੱਤੀ ਹੈ। ਇਸ ਤਸਵੀਰ ਤੋਂ ਤਰ੍ਹਾਂ-ਤਰ੍ਹਾਂ ਦੇ ਮਤਲਬ ਕੱਢੇ ਜਾ ਰਹੇ ਹਨ ਤੇ ਹਰ ਕੋਈ ਆਪਣੇ ਮੁਤਾਬਕ ਇਸ ਦੀ ਵਿਆਖਿਆ ਕਰ ਰਹਿ ਹੈ। ਜੋ ਚਰਚੇ ਇਸ ਤਸਵੀਰ ਨੇ ਛੇੜੀ ਹੈ, ਉਹ ਅਦਭੁਤ ਹੈ।

ਕਹਿੰਦੇ ਹਨ ਕਿ ਇੱਕ ਤਸਵੀਰ ਹਜ਼ਾਰ ਸ਼ਬਦਾਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੁੰਦੀ ਹੈ, ਇਹ ਕਥਨ ਇਸ ਤਸਵੀਰ ਨੇ ਸੱਚ ਕਰ ਵਿਖਾਇਆ ਹੈ। ਤਸਵੀਰ ਵਿੱਚ ਜਰਮਨ ਦੀ ਚਾਂਸਲਰ ਐਂਜਿਲਾ ਮਾਰਕਲ ਟੇਬਲ ਦੇ ਇੱਕ ਪਾਸੇ ਖੜ੍ਹੀ ਹੈ ਤੇ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੈਠੇ ਹਨ।

ਦੋਵੇਂ ਧਿਰਾਂ ਦੇ ਚਿਹਰਿਆਂ ਦੇ ਹਾਵ-ਭਾਵ ਤੋਂ ਇੰਝ ਜਾਪ ਰਿਹਾ ਹੈ ਜਿਵੇਂ ਮੈਡਮ ਮਾਰਕਲ ਅਮਰੀਕੀ ਰਾਸ਼ਟਰਪਤੀ ਦੀ ਝਾੜਝੰਬ ਕਰ ਰਹੀ ਹੋਵੇ। ਸੋਸ਼ਲ ਮੀਡੀਆ ਉੱਪਰ ਵੀ ਲੋਕਾਂ ਨੇ ਇਸ ਤਸਵੀਰ ਨੂੰ ਚਟਪਟੀਆਂ ਕੈਪਸ਼ਨਜ਼ ਨਾਲ ਸਾਂਝਾ ਕੀਤਾ ਹੋਇਆ ਹੈ। ਮਿਸਾਲ ਦੇ ਤੌਰ ‘ਤੇ-

“ਇੰਝ ਲੱਗ ਰਿਹੈ ਜਿਵੇਂ ਮੈਡਮ ਮਾਰਕਲ ਡੋਨਾਲਡ ਟਰੰਪ ਨੂੰ ਸਬਕ ਸਿਖਾ ਰਹੀ ਹੋਵੇ।” “ਅਮਰੀਕੀ ਹੋਣ ਨਾਤੇ ਅਸੀਂ ਇਸ ਦੇ ਬਚਕਾਨੇ ਵਿਹਾਰ ਲਈ ਖਿਮਾ ਮੰਗਦੇ ਹਾਂ।” “ਐਂਜਿਲਾ, ਦੱਸੋ ਇਸ ਨੂੰ ਕਿ ਬੌਸ ਕੌਣ ਹੈ।”

ਐਂਜਿਲਾ ਮਾਰਕਲ ਨੇ ਵੀ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ ਕਿ ਕੈਨੇਡਾ ਵਿੱਚ ਜੀ-7 ਸਮਿਟ: ਦੋ ਸੈਸ਼ਨਜ਼ ਦੌਰਾਨ ਸੁਭਾਵਿਕ ਮੁਲਾਕਾਤ ਦੌਰਾਨ।

ਤਸਵੀਰ ਨੂੰ ਗ਼ੌਰ ਨਾਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਮਾਰਕਲ ਤੇ ਟਰੰਪ ਨੂੰ ਹੋਰ ਲੀਡਰਾਂ ਨੇ ਘੇਰਾ ਪਾਇਆ ਹੋਇਆ ਹੈ। ਇਨ੍ਹਾਂ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੌਂ ਤੇ ਅਮਰੀਕਾ ਦੇ ਜੌਹਨ ਬੋਲਟੋਨ ਸ਼ਾਮਲ ਹਨ।

ਕੈਨੇਡਾ ਦੇ ਲਾ ਮਾਲਬੇਈ ਵਿੱਚ ਹੋਏ ਇਸ ਸੰਮੇਲਨ ਦੇ ਪਹਿਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-7 ਦੇਸ਼ਾਂ (ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਇਟਲੀ, ਜਾਪਾਨ ਤੇ ਯੂਕੇ) ਦਰਮਿਆਨ ਵਪਾਰਕ ਸਬੰਧ ਸੁਖਾਵੇਂ ਬਣਾਉਣ ਲਈ ਸਾਰੇ ਕਰ ਖ਼ਤਮ ਕਰਨ ਦੀ ਗੱਲ ਕਹੀ ਸੀ।

ਅਗਲੇ ਦਿਨ ਟਰੰਪ ਨੇ ਸੰਮੇਲਨ ਵਿੱਚ ਸ਼ਿਰਕਤ ਨਹੀਂ ਕੀਤੀ ਕਿਉਂਕਿ ਉਹ 12 ਜੂਨ ਨੂੰ ਉੱਤਰ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਨਾਲ ਮੁਲਾਕਾਤ ਲਈ ਸਿੰਗਾਪੁਰ ਜਾਣ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਹਨ।