ਮੋਹਾਲੀ : ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਫਿਰੌਤੀ ਮੰਗੇ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਤੋਂ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ ‘ਤੇ ਅਸ਼ਲੀਲ ਸਮੱਗਰੀ ਪਾ ਦਿੱਤੀ ਜਾਵੇਗੀ।
ਜਾਣਕਾਰੀ ਮੁਤਾਬਕ ਬਲਕਾਰ ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਦੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਮੋਬਾਇਲ ‘ਤੇ ਫੋਨ ਆਇਆ ਅਤੇ ਉਸ ਦੇ ਫੇਸਬੁੱਕ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਹੈ ਅਤੇ ਜੇਕਰ ਉਸ ਨੇ ਬਚਣਾ ਹੈ ਤਾਂ ਇਕ ਲੱਖ ਰੁਪਏ ਦੇਣੇ ਪੈਣਗੇ। ਫੋਨ ਕਰਨ ਵਾਲੇ ਨੇ ਇਹ ਵੀ ਧਮਕੀ ਦਿੱਤੀ ਜੇਕਰ ਉਸ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਬਲਕਾਰ ਸਿੱਧੂ ਦੀ ਫੇਸਬੁੱਕ ‘ਤੇ ਅਸ਼ਲੀਲ ਮੈਸਜ ਪਾ ਦੇਵੇਗਾ, ਜਿਸ ਕਾਰਨ ਉਸ ਦਾ ਸਾਰਾ ਭਵਿੱਖ ਖਰਾਬ ਹੋ ਜਾਵੇਗਾ।
ਫਿਲਹਾਲ ਇਸ ਸਬੰਧੀ ਬਲਕਾਰ ਸਿੱਧੂ ਨੇ ਸਟੇਟ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ‘ਚ ਬਲਕਾਰ ਸਿੱਧੂ ਨੇ ਦੱਸਿਆ ਕਿ ਇਕ ਅਣਪਛਾਤਾ ਸ਼ਖਸ ਪਿਛਲੇ ਇਕ ਹਫਤੇ ਤੋਂ ਵਾਰ-ਵਾਰ ਫੋਨ ਕਰਕੇ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਫੋਨ ਕਰਨ ਵਾਲੇ ਇਕ ਪੇਟੀਐੱਮ ਅਕਾਊਂਟ ਵੀ ਭੇਜਿਆ ਅਤੇ ਕਿਹਾ ਕਿ ਇਸ ‘ਚ ਇਕ ਲੱਖ ਰੁਪਏ ਪਾ ਦਿੱਤੇ ਜਾਣ। ਬਲਕਾਰ ਸਿੱਧੂ ਨੇ ਆਪਣੇ ਅਕਾਊਂਟ ‘ਚੋਂ 8400 ਰੁਪਏ ਟਰਾਂਸਫਰ ਵੀ ਕਰ ਦਿੱਤੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਪਰਮੀਸ਼ ਵਰਮਾ ‘ਤੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਕਾਤਲਾਨਾ ਹਮਲਾ ਪੈਸਿਆਂ ਲਈ ਕੀਤਾ ਸੀ ਅਤੇ ਹੁਣ ਬਲਕਾਰ ਸਿੱਧੂ ਨੂੰ ਅਜਿਹੇ ਧਮਕੀ ਭਰੇ ਫੋਨ ਆਉਣਾ ਸਚਮੁੱੱਚ ਗੰਭੀਰ ਮੁੱਦਾ ਹੈ।