ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਤੇ ਮੌਜੂਦਾ ਪ੍ਰਧਾਨਾਂ ਵਿਚ ਤਲਖੀ ਵਧੀ

0
362

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ 523 ਮੁਲਾਜ਼ਮ ਬਰਖਾਸਤ ਕਰਨ ਮਗਰੋਂ ਵਿਵਾਦ ਛਿੜ ਗਿਆ ਹੈ। ਬਡੂੰਗਰ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਕਿਰਦਾਰ ਉੱਪਰ ਸਵਾਲ ਉਠਾਏ ਹਨ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਡੇਰਿਆਂ ਵਿੱਚ ਜਾਂ ਗੁਰਬਾਣੀ ਦੀਆਂ ਤੁਕਾਂ ਤੋੜ-ਮਰੋੜ ਕੇ ਬੋਲਣ ਤੇ ਇਸਾਈਆਂ ਦੇ ਸਮਾਗਮ ਵਿੱਚ ਜਾ ਕੇ ਮੱਥੇ ਟੇਕ ਕੇ ਕੌਮ ਨੂੰ ਢਾਹ ਲਾਉਂਣ ਵਾਲੇ ਮੌਜੂਦਾ ਪ੍ਰਧਾਨ ਲੌਂਗੋਵਾਲ ਨੂੰ ਅਜਿਹੇ ਦੋਸ਼ ਲਾਉਣਾ ਸ਼ੋਭਾ ਨਹੀਂ ਦਿੰਦਾ। ਇਹ ਪਹਿਲੀ ਵਾਰ ਹੈ ਕਿ ਬਡੂੰਗਰ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਖਿਲਾਫ ਖੁੱਲ੍ਹ ਕੇ ਬੋਲੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਰਤੀ ਲਈ ਕੋਈ ਨਿਯਮ ਹੀ ਨਹੀਂ ਬਣਾਏ ਗਏ ਤਾਂ ਨਿਯਮ ਛਿਕੇ ਟੰਗਣ ਦੀ ਕੋਈ ਤੁਕ ਹੀ ਨਹੀਂ। ਬਡੂੰਗਰ ਨੇ ਕਿਹਾ ਕਿ ਬੇਵਜ੍ਹਾ ਉਨ੍ਹਾਂ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਜੇ ਜਾਂਚ ਹੀ ਕਰਵਾਉਣੀ ਹੈ ਤਾਂ ਕਿਸੇ ਰਿਟਾਇਰ ਜੱਜ ਤੋਂ ਕਾਰਵਾਈ ਜਾਵੇ। ਇਸ ਦੇ ਨਾਲ ਹੀ ਇਮਾਰਤਸਾਜ਼ੀ ਤੋਂ ਲੈ ਕੇ ਪਿਛਲੇ ਸਮੇਂ ਹੋਈਆਂ ਨਿਯੁਕਤੀਆਂ ਦੀ ਜਾਂਚ ਵੀ ਹੋਵੇ।