8 ਕਰੋੜ 70 ਲੱਖ ਲੋਕਾਂ ਦਾ ਡੇਟਾ ਲੀਕ

0
448

ਵਾਸ਼ਿੰਗਟਨ: ਤੁਹਾਡਾ ਨਿਜੀ ਡੇਟਾ ਸੁਰੱਖਿਅਤ ਹੈ? ਇਸ ਸਵਾਲ ‘ਤੇ ਜਾਰੀ ਬਹਿਸ ਵਿੱਚ ਫੇਸਬੁੱਕ ਨੇ ਦੱਸਿਆ ਹੈ ਕਿ ਬ੍ਰਿਟੇਨ ਦੀ ਸਿਆਸੀ ਡੇਟਾ ਵਿਸ਼ਲੇਸ਼ਣ ਕੰਪਨੀ ਕੈਂਬ੍ਰਿਜ ਐਨਾਲਿਟਿਕਾ (ਸੀਏ) ਨਾਲ ਅੱਠ ਕਰੋੜ 70 ਲੱਖ ਯੂਜ਼ਰਜ਼ ਦਾ ਡੇਟਾ ਸਾਂਝਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਅਮਰੀਕਨ ਹਨ।

ਕੈਂਬ੍ਰਿਜ ਐਨਾਲਿਟਿਕਾ ‘ਤੇ ਇਲਜ਼ਾਮ ਹੈ ਕਿ ਉਸ ਨੇ ਫੇਸਬੁੱਕ ਯੂਜ਼ਰਜ਼ ਦਾ ਨਿਜੀ ਡੇਟਾ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਵਰਤਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾ ਵਿੱਚ ਸੀਏ ਦੀਆਂ ਸੇਵਾਵਾਂ ਲਈਆਂ ਸਨ।

ਫੇਸਬੁੱਕ ਦੇ ਤਕਨੀਕੀ ਅਧਿਕਾਰੀ ਮਾਈਕ ਸਕ੍ਰੋਫਰ ਨੇ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਦੱਸਿਆ ਕਿ ਆਪਣੇ ਯੂਜ਼ਰਜ਼ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਫੇਸਬੁੱਕ ਸਰਚ ਵਿੱਚ ਫ਼ੋਨ ਨੰਬਰ ਜਾਂ ਈ-ਮੇਲ ਰਾਹੀਂ ਕਿਸੇ ਦੀ ਸਹੀ ਲੋਕੇਸ਼ਨ ਦਾ ਪਤਾ ਨਹੀਂ ਲਾਇਆ ਜਾ ਸਕੇਗਾ।

ਪਿਛਲੇ ਮਹੀਨੇ ਕੈਂਬ੍ਰਿਜ ਐਨਾਲਿਟਿਕਾ ‘ਤੇ ਫੇਸਬੁੱਕ ਤੋਂ ਡੇਟਾ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਸੀ। ਫੇਸਬੁੱਕ ਇਸ ਮਾਮਲੇ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ ਤੇ ਉਸ ਦੇ ਮੁਖੀ ਮਾਰਕ ਜ਼ਕਰਬਰਗ ਅਗਲੇ ਹਫ਼ਤੇ ਸੰਸਦੀ ਕਮੇਟੀ ਅੱਗੇ ਗਵਾਹੀ ਦੇਣ ਲਈ ਰਾਜ਼ੀ ਹੋ ਗਏ ਹਨ।

ਉੱਧਰ ਭਾਜਪਾ ਨੇ ਕਾਂਗਰਸ ‘ਤੇ ਕੈਂਬ੍ਰਿਜ ਐਨਾਲਿਟਿਕਾ ਦਾ ਕਲਾਇੰਟ ਹੋਣ ਦਾ ਇਲਜ਼ਾਮ ਲਾਇਆ ਸੀ, ਜਦਕਿ ਕਾਂਗਰਸ ਨੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ। ਕਾਂਗਰਸ ਨੇ ਕਿਹਾ ਕਿ ਬੀ.ਜੇ.ਪੀ. ਤੇ ਉਸ ਦੀ ਸਹਿਯੋਗੀ ਜੇ.ਡੀ.ਯੂ. ਪਹਿਲਾਂ ਤੋਂ ਹੀ ਕੈਂਬ੍ਰਿਜ ਐਨਾਲਿਟਿਕਾ ਕੰਪਨੀ ਤੋਂ ਮਦਦ ਲੈਂਦੀ ਆਈ ਹੈ।