ਮੁੰਬਈ -ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਪੀ. ਐਨ. ਬੀ. ਘੁਟਾਲੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਵਪਾਰ ਕਰਜ਼ ਦੇ ਲਈ ਬੈਂਕਾਂ ਵਲੋਂ ਜਾਰੀ ਕੀਤੇ ਜਾਣ ਵਾਲੇ ਗਾਰੰਟੀ ਪੱਤਰਾਂ ਲੈਟਰ ਆਫ਼ ਅੰਡਰਟੇਕਿੰਗ (ਐਲ. ਓ. ਯੂ.) ਅਤੇ ਲੈਟਰ ਆਫ਼ ਕਮਫ਼ਰਟ (ਐਲ. ਓ. ਸੀ.) ਨੂੰ ਜਾਰੀ ਕਰਨ ਦੀ ਸੁਵਿਧਾ ‘ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਹੈ | ਆਰ. ਬੀ. ਆਈ. ਨੇ ਇਕ ਬਿਆਨ ‘ਚ ਕਿਹਾ ਕਿ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੀ ਸਮੀਿਖ਼ਆ ਦੇ ਬਾਅਦ ਏ. ਡੀ. ਸ਼੍ਰੇਣੀ-ਆਈ ਵਲੋਂ ਭਾਰਤ ‘ਚ ਦਰਾਮਦ ਦੇ ਲਈ ਐਲ. ਓ. ਯੂ./ਐਲ. ਓ. ਸੀ. ਜਾਰੀ ਕਰਨ ਦੀ ਸੁਵਿਧਾ ਨੂੰ ਤਤਕਾਲ ਪ੍ਰਭਾਵ ਤੋਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਹਾਲਾਂਕਿ ਭਾਰਤ ‘ਚ ਦਰਾਮਦ ਦੇ ਲਈ ਵਪਾਰ ਕਰਜ਼ ਸੁਵਿਧਾ, ਲੈਟਰ ਆਫ਼ ਕ੍ਰੈਡਿਟ ਅਤੇ ਬੈਂਕ ਗਾਰੰਟੀਆਂ ਦੀਆਂ ਕੁਝ ਸ਼ਰਤਾਂ ਸਮੇਤ ਜਾਰੀ ਰਹਿ ਸਕਦੀ ਹੈ
ਕੀ ਹੈ ਐਲ. ਓ. ਯੂ
ਲੈਟਰ ਆਫ਼ ਅੰਡਰਟੇਕਿੰਗ (ਐਲ. ਓ. ਯੂ.) ਇਕ ਤਰ੍ਹਾਂ ਦੀ ਬੈਂਕ ਗਾਰੰਟੀ ਹੁੰਦੀ ਹੈ, ਜਿਸ ਦੇ ਆਧਾਰ ‘ਤੇ ਦੂਸਰੇ ਬੈਂਕ ਖ਼ਾਤੇਦਾਰ ਨੂੰ ਪੈਸਾ ਮੁਹੱਈਆ ਕਰਵਾ ਦਿੰਦੇ ਹਨ | ਵਪਾਰੀ ਇਸ ਦਾ ਇਸਤੇਮਾਲ ਵਿਦੇਸ਼ਾਂ ਤੋਂ ਸਾਮਾਨ ਦਰਾਮਦ ਕਰਨ ਦੇ ਲਈ ਕਰਦੇ ਹਨ | ਜੇਕਰ ਖ਼ਾਤੇਦਾਰ ਡਿਫ਼ਾਲਟ (ਭਾਵ ਜਾਣ ਬੁਝ ਕੇ ਕਰਜ਼ਾ ਨਹੀਂ ਚੁਕਾਉਂਦਾ) ਤਾਂ ਐਲ. ਓ. ਯੂ. ਮੁਹੱਈਆ ਕਰਵਾਉਣ ਵਾਲੇ ਬੈਂਕ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਬੰਧਿਤ ਬੈਂਕ ਨੂੰ ਬਕਾਏ ਦਾ ਭੁਗਤਾਨ ਕਰੇ |
ਐਲ.ਓ.ਯੂ. ਰਾਹੀਂ ਹੋਇਆ ਸੀ ਪੀ.ਐਨ.ਬੀ. ਘੁਟਾਲਾ
ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਘੁਟਾਲਾ ਐਲ. ਓ. ਯੂ. ਰਾਹੀਂ ਹੀ ਕੀਤਾ ਗਿਆ ਸੀ | ਪੀ. ਐਨ. ਬੀ. ਦੇ ਕਰਮਚਾਰੀਆਂ ਨੇ ਘੁਟਾਲੇ ਦੇ ਦੋਸ਼ੀਆਂ ਦੇ ਨਾਲ ਮਿਲ ਕੇ ਫ਼ਰਜ਼ੀ ਤਰੀਕੇ ਨਾਲ ਸਵਿੱਫਟ ਪਲੇਟਫ਼ਾਰਮ (ਇਕ ਕੰਪਿਊਟਰਾਈਜਡ ਤਰੀਕਾ) ਦਾ ਇਸਤੇਮਾਲ ਕਰ ਕੇ ਨੀਰਵ ਮੋਦੀ ਤੇ ਚੋਕਸੀ ਦੀਆਂ ਕੰਪਨੀਆਂ ਦੇ ਪੱਖ਼ ‘ਚ ਐਲ. ਓ. ਯੂ. ਦੇ ਸੰਦੇਸ਼ ਭੇਜੇ | ਵਿਦੇਸ਼ਾਂ ‘ਚ ਬੈਂਕਾਂ ਦੀਆਂ ਸ਼ਾਖ਼ਾਵਾਂ ਦੇ ਲਈ ਸਵਿਫ਼ਟ ਮੈਸੇਜ ਇਕ ਗਾਰੰਟੀ ਦੀ ਤਰ੍ਹਾਂ ਹੁੰਦੇ ਹਨ, ਜਿਸ ਦੇ ਆਧਾਰ ‘ਤੇ ਬੈਂਕ ਸੰਦੇਸ਼ ‘ਚ ਜਿਸ ਲਾਭਪਾਤਰੀ ਦਾ ਨਾਂਅ ਲਿਖਿਆ ਹੁੰਦਾ ਹੈ ਉਸ ਨੂੰ ਕਰਜ਼ ਮੁਹੱਈਆ ਕਰਵਾਇਆ ਜਾਂਦਾ ਹੈ |