ਸਿਰਸਾ -ਸਾਧਵੀ ਸ਼ੋਸ਼ਣ ਮਾਮਲੇ ‘ਚ 25 ਅਗਸਤ, 2017 ਨੂੰ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡੇਰਾ ਸਮਰਥਕਾਂ ਨੇ ਕਈ ਥਾੲੀਂ ਅੱਗਾਂ ਲਾਈਆਂ ਤੇ ਭੰਨ-ਤੋੜ ਕੀਤੀ ਸੀ | ਸਿਰਸਾ ‘ਚ ਡੇਰਾ ਪ੍ਰੇਮੀਆਂ ਨੂੰ ਹਿੰਸਾ ਲਈ ਭੜਕਾਉਣ ਦੇ ਇਲਜ਼ਾਮ ‘ਚ ਐਸ.ਆਈ.ਟੀ. ਨੇ ਅੱਜ ਸਵੇਰੇ ਸਿਰਸਾ ਦੇ ਬੱਸ ਸਟੈਂਡ ਤੋਂ ਇਕ ਲੱਖ ਦੀ ਇਨਾਮੀ ਗੋਲੋ ਮਾਸੀ ਨਾਂਅ ਦੀ ਔਰਤ ਨੂੰ ਗਿ੍ਫ਼ਤਾਰ ਕੀਤਾ | ਗੋਲੋ ਮਾਸੀ ਦਾ ਅਸਲੀ ਨਾਂਅ ਮਨਪ੍ਰੀਤ ਕੌਰ ਹੈ ਅਤੇ ਜੰਡਵਾਲਾ ਰਾਜਸਥਾਨ ਦੀ ਰਹਿਣ ਵਾਲੀ ਹੈ | ਉਹ ਕਾਫ਼ੀ ਸਾਲਾਂ ਤੋਂ ਇੱਥੇ ਡੇਰੇ ‘ਚ ਰਹਿ ਕੇ ਲੰਗਰ ਸੇਵਾ ਦਾ ਕੰਮ ਦੇਖਦੀ ਸੀ | ਉਥੇ ਹੀ ਗੋਲੋ ਮਾਸੀ ਦੇ ਭਾਣਜੇ ਗੁਰਦੱਤ ਨੂੰ ਵੀ ਪੁਲਿਸ ਕੁੱਝ ਦਿਨ ਪਹਿਲਾਂ ਬੱਸ ਸਟੈਂਡ ਤੋਂ ਗਿ੍ਫ਼ਤਾਰ ਕਰ ਚੁੱਕੀ ਹੈ | ਗੋਲੋ ਮਾਸੀ ਤੇ ਉਸ ਦੇ ਭਾਣਜੇ ‘ਤੇ ਡੇਰਾ ਪ੍ਰੇਮੀਆਂ ਨੂੰ ਹਿੰਸਾ ਲਈ ਭੜਕਾਉਣ ਦਾ ਦੋਸ਼ ਹੈ | ਪੁਲਿਸ ਵਲੋਂ ਪਹਿਲਾਂ ਜਾਂਚ ‘ਚ ਸਹਿਯੋਗ ਦੇਣ ਲਈ ਇਨ੍ਹਾਂ ਨੂੰ ਨੋਟਿਸ ਦਿੱਤਾ ਗਿਆ, ਪਰ ਇਹ ਪੇਸ਼ ਨਹੀਂ ਹੋਏ | ਇਸ ਤੋਂ ਬਾਅਦ ਪੁਲਿਸ ਵਲੋਂ ਗੋਲੋ ਮਾਸੀ ‘ਤੇ ਇਕ ਲੱਖ ਦਾ ਇਨਾਮ ਰੱਖਿਆ ਗਿਆ | ਗੁਰਦੱਤ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਐਸ.ਆਈ.ਟੀ. ਗੋਲੋ ਮਾਸੀ ਦੀ ਭਾਲ ‘ਚ ਜੁਟੀ ਹੋਈ ਸੀ | ਅੱਜ ਸਵੇਰੇ ਸੂਚਨਾ ਮਿਲਣ ‘ਤੇ ਐਸ.ਆਈ.ਟੀ. ਨੇ ਤੁਰੰਤ ਕਾਰਵਾਈ ਕਰਦੇ ਹੋਏ ਗੋਲੋ ਮਾਸੀ ਨੂੰ ਗਿ੍ਫ਼ਤਾਰ ਕਰ ਲਿਆ |