ਚੰਡੀਗੜ੍ਹ: ‘ਏਬੀਪੀ ਨਿਊਜ਼’ ਵੱਲੋਂ ਕੈਪਟਨ ਸਰਕਾਰ ਦੇ ਇੱਕ ਸਾਲ ਪੂਰਾ ਹੋਣ ‘ਤੇ ਲੇਖਾ-ਜੋਖਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ਿਖਰ ਸੰਮੇਲਨ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕੈਪਟਨ ਦੇ ਇੱਕ ਹੋਰ ਮੰਤਰੀ ਦਾ ਮਾਈਨਿੰਗ ਸਕੈਂਡਲ ਬੇਪਰਦ ਕਰਨ ਦਾ ਦਾਅਵਾ ਕੀਤਾ ਹੈ।
ਸ਼ਿਖਰ ਸੰਮੇਲਨ ਵਿੱਚ ਜਾਰੀ ਬਹਿਸ ਦੇ ਪਹਿਲੇ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਪਾਰਟੀ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਰਾਣਾ ਗੁਰਜੀਤ ਸਿੰਘ ਤੋਂ ਬਾਅਦ ਉਹ ਹੁਣ ਕੈਬਨਿਟ ਮੰਤਰੀ ਚਰਨਜੀਤ ਚੰਨੀ ਦਾ ਸਕੈਂਡਲ ਬੇਪਰਦ ਕਰਨਗੇ।
ਖਹਿਰਾ ਨੇ ਨਵਾਂ ਹਿਰ ਦੀ ਮਲਕਪੁਰ ਖੱਡ ‘ਚ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦਾ ਨਿਵੇਸ਼ ਹੋਣ ਦਾ ਦਾਅਵਾ ਕੀਤਾ ਹੈ। ਸੁਖਪਾਲ ਖਹਿਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਮਲਕਪੁਰ ਖੱਡ ਨਾਲ ਜੁੜੇ ਪੁਖਤਾ ਦਸਤਾਵੇਜ਼ ਮੌਜੂਦ ਹਨ। ਕੈਪਟਨ ਅਮਰਿੰਦਰ ਸਿੰਘ ਨੇ 6 ਮਾਰਚ ਨੂੰ ਚੰਡੀਗੜ੍ਹ ਤੋਂ ਕਪੂਰਥਲਾ ਹਵਾਈ ਸਫ਼ਰ ਦੌਰਾਨ ਹੈਲੀਕਾਪਟਰ ਰਾਹੀਂ ਆਸਮਾਨ ਤੋਂ ਨਾਜਾਇਜ਼ ਜਿਨ੍ਹਾਂ ਖੱਡਾਂ ਵਿੱਚ ਮਾਈਨਿੰਗ ਹੁੰਦੀ ਦੇਖੀ ਸੀ ਮਲਕਪੁਰ ਦੀ ਖੱਡ ਵੀ ਉਨ੍ਹਾਂ ਖੱਡਾਂ ‘ਚੋਂ ਇੱਕ ਹੈ।