ਨਵੀਂ ਦਿੱਲੀ: ਆਧਾਰ ਨੰਬਰ ਜਾਰੀ ਕਰਨ ਵਾਲੀ ਸੰਸਥਾ ਯੂਆਈਡੀਏਆਈ (UIDAI) ਨੇ ਬੇਹਦ ਜ਼ਰੂਰੀ ਆਦੇਸ਼ ਦਿੱਤਾ ਹੈ। UIDAI ਨੇ ਕਿਹਾ ਹੈ ਕਿ ਆਧਾਰ ਨੰਬਰ ਨਾ ਹੋਣ ‘ਤੇ ਵੀ ਜ਼ਰੂਰੀ ਸਹੂਲਤਾਂ ਦਾ ਫਾਇਦਾ ਦੇਣ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਇਸ ਵਿੱਚ ਜਨਤਾ ਲਈ ਰਾਸ਼ਨ, ਸਕੂਲਾਂ ਵਿੱਚ ਦਾਖਲਾ ਤੇ ਸਿਹਤ ਨਾਲ ਜੁੜੀਆਂ ਜ਼ਰੂਰੀ ਸੇਵਾਵਾਂ ਸ਼ਾਮਲ ਹਨ।
UIDAI ਨੇ ਸਾਰੇ ਸਰਕਾਰੀ ਵਿਭਾਗਾਂ ਤੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਆਧਾਰ ਨੰਬਰ ਨਾ ਹੋਣ ‘ਤੇ ਜ਼ਰੂਰੀ ਸਹੂਲਤਾਂ ਤੇ ਫਾਇਦਿਆਂ ਲਈ ਲੋਕਾਂ ਨੂੰ ਮਨ੍ਹਾਂ ਨਾ ਕੀਤਾ ਜਾਵੇ।
UIDAI ਨੇ ਕਿਹਾ ਹੈ ਕਿ ਇਸ ਸਬੰਧੀ 24 ਅਕਤੂਬਰ, 2017 ਨੂੰ ਜਾਰੀ ਕੀਤੇ ਉਸ ਦੇ ਸਰਕੁਲਰ ਨੂੰ ਗੰਭੀਰਤਾ ਨਾਲ ਫਾਲੋ ਕੀਤਾ ਜਾਣਾ ਚਾਹੀਦਾ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਆਧਾਰ ਨੰਬਰ ਨਾ ਹੋਣ ‘ਤੇ ਕਿਸੇ ਸੇਵਾ ਨੂੰ ਰੋਕਿਆ ਨਾ ਜਾਵੇ।
UIDAI ਦਾ ਇਹ ਫਰਮਾਨ ਉਸ ਘਟਨਾ ਤੋਂ ਬਾਅਦ ਆਇਆ ਹੈ ਜਿਸ ਵਿੱਚ ਗੁਰੂਗ੍ਰਾਮ ਵਿੱਚ ਆਧਾਰ ਕਾਰਡ ਨਾ ਹੋਣ ‘ਤੇ ਗਰਭਵਤੀ ਔਰਤਾਂ ਦਾ ਹਸਪਤਾਲ ਵਿੱਚ ਇਲਾਜ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਔਰਤ ਨੇ ਮਜਬੂਰੀ ਵਿੱਚ ਸੜਕ ‘ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਸੀ।