‘ਕੋਈ ਨਹੀਂ ਪੁੱਛਦਾ, ਸਾਰੇ ਵਾਅਦੇ ਕਾਗਜ਼ਾਂ ’ਤੇ ਹੀ ਨੇ’:ਮੁੱਕੇਬਾਜ਼ ਕੌਰ ਸਿੰਘ

0
497

ਖਨਾਲ ਖੁਰਦ(ਸੰਗਰੂਰ), 12 ਦਸੰਬਰ : ਮੁੱਕੇਬਾਜ਼ੀ ਦਾ ਮਹਾਨ ਖਿਡਾਰੀ ਕੌਰ ਸਿੰਘ (65) ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿੱਚ 22 ਦਿਨ ਦਾਖ਼ਲ ਰਹਿਣ ਮਗਰੋਂ ਲੰਘੇ ਐਤਵਾਰ ਦੀ ਰਾਤ ਘਰ ਪਰਤ ਆਇਆ। ਉਹ ਉਥੇ ਸਿਹਤ ਨਾਲ ਸਬੰਧਤ ਕਈ ਮਰਜ਼ਾਂ ਦਾ ਇਲਾਜ ਕਰਵਾ ਰਿਹਾ ਸੀ। ਮੁੱਕੇਬਾਜ਼ ਸਰਕਾਰ ਵੱਲੋਂ ਉਸ ਪ੍ਰਤੀ ਵਿਖਾਏ ਰੁੱਖੇ ਵਤੀਰੇ ਤੋਂ ਕਾਫ਼ੀ ਦੁਖੀ ਹੈ। ਪਿੰਡ ਖਨਾਲ ਖੁਰਦ ਵਿਚਲੇ ਆਪਣੇ ਘਰ ਵਿੱਚ ਮੰਜੇ ’ਤੇ ਬੈਠੇ ਕੌਰ ਸਿੰਘ ਨੇ ਕਿਹਾ, ‘ਮੈਂ ਲਗਾਤਾਰ 22 ਦਿਨ ਹਸਪਤਾਲ ਵਿੱਚ ਦਾਖ਼ਲ ਰਿਹਾ, ਪਰ ਕਿਸੇ ਵੀ ਅਧਿਕਾਰੀ ਜਾਂ ਆਗੂ ਨੇ ਮੇਰੀ ਸਾਰ ਨਹੀਂ ਲਈ।’ ਸਾਬਕਾ ਮੁੱਕੇਬਾਜ਼ ਨੇ ਇਸ ਮੌਕੇ 1980 ਵਿੱਚ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਖ਼ਿਲਾਫ਼ ਖੇਡੇ ਮੁਕਾਬਲੇ ਨੂੰ ਵੀ ਯਾਦ ਕੀਤਾ, ਪਰ ਫ਼ਿਰ ਅੱਜ ਦੀ ਗੱਲ ਕਰਦਿਆਂ ਕੌਰ ਸਿੰਘ ਨੇ ਕਿਹਾ, ‘ਕੋਈ ਨਹੀਂ ਪੁੱਛਦਾ, ਸਾਰੇ ਵਾਅਦੇ ਕਾਗਜ਼ਾਂ ’ਤੇ ਹੀ ਨੇ।’ ਉਹ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੱਲੋਂ ਬੀਤੀ ਸ਼ਾਮ ਉਸ ਦੇ ਇਲਾਜ ਲਈ 5 ਲੱਖ ਰੁਪਏ ਦੇਣ ਦੇ ਕੀਤੇ ਐਲਾਨ ਤੋਂ ਪੂਰੀ ਤਰ੍ਹਾਂ ਅਣਜਾਣ ਹੈ।
ਪਿਛਲੇ ਛੇ ਮਹੀਨਿਆਂ ਤੋਂ ਨਿਊਰੋਲੋਜੀਕਲ ਸਮੱਸਿਆ ਕਰਕੇ ਉਸ ਦੀਆਂ ਲੱਤਾਂ ਵਿੱਚ ਤਕਲੀਫ਼ ਹੈ ਤੇ ਉਹ ਠੀਕ ਢੰਗ ਨਾਲ ਬੋਲਣ ਤੋਂ ਵੀ ਅਸਮਰੱਥ ਹੈ। ਸੰਗਰੂਰ ਵਿੱਚ ਕੁਝ ਡਾਕਟਰਾਂ ਨੂੰ ਵਿਖਾਇਆ, ਪਰ ਜਦੋਂ ਕੋਈ ਆਰਾਮ ਨਾ ਆਇਆ ਤਾਂ ਉਸ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ।
ਮੁੱਕੇਬਾਜ਼ ਦਾ ਛੋਟਾ ਪੁੱਤਰ ਜਸਵੀਰ ਸਿੰਘ ਫੌਜ ਵਿੱਚ ਹੈ ਤੇ ਜਬਲਪੁਰ (ਮੱਧ ਪ੍ਰਦੇਸ਼) ਵਿੱਚ ਤਾਇਨਾਤ ਹੈ ਜਦਕਿ ਵੱਡਾ ਮੁੰਡਾ ਸਤਗੁਰ ਸਿੰਘ ਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਪਿਛਲੇ ਦੋ ਸਾਲਾਂ ਤੋਂ ਬਿਮਾਰ ਰਹਿੰਦੇ ਹਨ। ਲਿਹਾਜ਼ਾ ਹਸਪਤਾਲ ਵਿੱਚ ਉਸ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਮੁੱਕੇਬਾਜ਼ ਨੇ ਕਿਹਾ ਕਿ ਉਹਦੇ ਸਿਰ ਪਹਿਲਾਂ ਹੀ ਤਿੰਨ ਲੱਖ ਦਾ ਕਰਜ਼ਾ ਹੈ ਜਦਕਿ ਹਸਪਤਾਲ ਵਿੱਚ ਇਲਾਜ ਕਰਾਉਣ ’ਤੇ 60 ਹਜ਼ਾਰ ਦਾ ਖਰਚਾ ਆਇਆ ਹੈ।
ਇਸ ਦੌਰਾਨ ‘ਆਪ’ ਦੇ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਤੇ ਖੇਡ ਨਿਰਦੇਸ਼ਕ ਦੇ ਧਿਆਨ ਵਿੱਚ ਲਿਆਉਣਗੇ। ਸੰਪਰਕ ਕਰਨ ’ਤੇ ਸੰਗਰੂਰ ਦੇ ਜ਼ਿਲ੍ਹਾ ਖੇਡ ਅਧਿਕਾਰੀ ਯੋਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਕੇਬਾਜ਼ ਦੀ ਹਾਲਤ ਬਾਰੇ ਨਹੀਂ ਪਤਾ ਸੀ, ਪਰ ਉਹ ਜਲਦੀ ਹੀ ਕੋਈ ਕਾਰਵਾਈ ਕਰਨਗੇ।

ਮੁਹੰਮਦ ਅਲੀ ਨਾਲ ਲਿਆ ਸੀ ਦਸਤਪੰਜਾ
1971 ਵਿੱਚ ਫ਼ੌਜ ਵਿੱਚ ਆਉਣ ਮਗਰੋਂ ਕੌਰ ਸਿੰਘ ਨੇ 1977 ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ। 1979 ਤੋਂ 1983 ਦੇ ਅਰਸੇ ਦੌਰਾਨ ਉਸ ਨੇ ਸੀਨੀਅਰ ਕੌਮੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤੇ। 1982 ਦੀਆਂ ਏਸ਼ਿਆਈ ਖੇਡਾਂ ਸਮੇਤ ਕੌਮਾਂਤਰੀ ਮੁਕਾਬਲਿਆਂ ’ਚ ਛੇ ਸੋਨ ਤਗਮੇ ਜਿੱਤੇ। ਉਹ ਇਕੋ ਇਕ ਮੁੱਕੇਬਾਜ਼ ਹੈ ਜਿਸ ਨੇ 1980 ਵਿੱਚ ਮਹਾਨ ਬਾਕਸਰ ਮੁਹੰਮਦ ਅਲੀ ਖ਼ਿਲਾਫ਼ ਪ੍ਰਦਰਸ਼ਨੀ ਮੈਚ ਖੇਡਿਆ। ਫ਼ੌਜ ਵਿੱਚੋਂ ਸੂਬੇਦਾਰ ਸੇਵਾ ਮੁਕਤ ਹੋਣ ਮਗਰੋਂ ਪੰਜਾਬ ਪੁਲੀਸ ਵਿੱਚ ਏਐਸਆਈ ਵਜੋਂ ਨੌਕਰੀ ਕੀਤੀ। ਉਸ ਨੂੰ 1982 ਵਿੱਚ ਅਰਜੁਨ ਐਵਾਰਡ ਜਦਕਿ 1983 ਤੇ 1988 ਵਿੱਚ ਕ੍ਰਮਵਾਰ ਪਦਮਸ਼੍ਰੀ ਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਗਿਆ।