ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ ਵਿੱਚ ਇਸ ਦੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ ਭਾਰੀ ਕਮੀ ਆਈ ਹੈ। ਸੀ ਐਨ ਐਨ ਦੇ ਇਕ ਸਰਵੇ ਮੁਤਾਬਕ ਅਮਰੀਕਾ ਦੇ ਸਿਰਫ 35 ਪ੍ਰਤੀਸ਼ਤ ਲੋਕਾਂ ਨੇ ਟਰੰਪ ਨੂੰ ਸਹੀ ਆਖਿਆ ਹੈ।
ਸਰਵੇ ਵਿੱਚ ਦਿਖਾਇਆ ਗਿਆ ਹੈ ਕਿ ਮਾਰਚ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ 45 ਪ੍ਰਤੀਸ਼ਤ ਲੋਕਾਂ ਨੇ ਟਰੰਪ ਨੂੰ ਪਸੰਦ ਕੀਤਾ ਸੀ, ਪਰ ਹੁਣ ਉਨ੍ਹਾਂ ਦੀ ਲੋਕਪ੍ਰਿਅਤਾ ਵਿੱਚ 35 ਪ੍ਰਤੀਸ਼ਤ ਗਿਰਾਵਟ ਆਈ ਹੈ। ਦਸੰਬਰ ਮਹੀਨੇ ਵਿੱਚ ਇਹ ਪ੍ਰਤੀਸ਼ਤ ਕਿਸੇ ਵੀ ਚੁਣੇ ਗਏ ਰਾਸ਼ਟਰਪਤੀ ਦੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਸਭ ਤੋਂ ਘੱਟ ਹੈ।
ਸੀ ਐਨ ਐਨ ਸਰਵੇ ਦੇ ਮੁਤਾਬਕ 59 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਟਰੰਪ ਜਿਸ ਤਰ੍ਹਾਂ ਰਾਸ਼ਟਰਪਤੀ ਅਹੁਦਾ ਸੰਭਾਲ ਰਹੇ ਹਨ, ਉਹ ਉਸ ਤੋਂ ਖੁਸ਼ ਨਹੀਂ ਹਨ। ਪਹਿਲੇ ਸਾਲ ਵਿੱਚ ਜਾਰਜ ਡਬਲਯੂ ਬੁਸ਼ ਨੂੰ 86 ਪ੍ਰਤੀਸ਼ਤ, ਜੌਹਨ ਐਫ ਕੈਨੇਡੀ ਨੂੰ 77 ਪ੍ਰਤੀਸ਼ਤ, ਜਾਰਜ ਐਚ ਡਬਲਯੂ ਬੁਸ਼ ਨੂੰ 71 ਪ੍ਰਤੀਸ਼ਤ ਅਤੇ ਡਵਾਈਟ ਆਈਸਨਹਾੱਵਰ ਨੂੰ 69 ਪ੍ਰਤੀਸ਼ਤ ਲੋਕਾਂ ਨੇ ਪਸੰਦ ਕੀਤਾ ਸੀ। ਰਿਚਰਡ ਨਿਕਸਨ, ਜਿਮੀ ਕਾਰਟਰ, ਬਿਲ ਕਲਿੰਟਨ ਤੇ ਬਰਾਕ ਓਬਾਮਾ ਆਦਿ ਸਾਰੇ ਸਾਬਕਾ ਰਾਸ਼ਟਰਪਤੀਆਂ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ 50 ਪ੍ਰਤੀਸ਼ਤ ਤੋਂ ਜ਼ਿਆਦਾ ਲੋਕਾਂ ਨੇ ਸਮਰਥਨ ਦਿੱਤਾ ਸੀ।
ਆਪਣੀ ਪਾਰਟੀ ਵਿੱਚ ਟਰੰਪ ਦੀ ਲੋਕਪ੍ਰਿਅਤਾ 85 ਪ੍ਰਤੀਸ਼ਤ ਰਹੀ ਹੈ, ਪਰ ਸੁਤੰਤਰ ਰੂਪ ਨਾਲ ਉਨ੍ਹਾਂ ਦਾ ਪ੍ਰਤੀਸ਼ਤ 33 ਰਿਹਾ ਅਤੇ ਡੈਮੋਕ੍ਰੇਟਿਕ ਪਾਰਟੀ ਵਿੱਚ ਕੇਵਲ ਚਾਰ ਪ੍ਰਤੀਸ਼ਤ। ਸੀ ਐਨ ਐਨ ਦਾ ਇਹ ਸਰਵੇ 14 ਤੋਂ 17 ਦਸੰਬਰ ਤੱਕ 1001 ਬਾਲਗਾਂ ਦੇ ਵਿਚਾਲੇ ਕੀਤਾ ਗਿਆ।