ਮੋਹਾਲੀ : ਪੰਜਾਬ ਦੇ ਬਹੁ-ਕਰੋੜੀ ਸਿੰਜਾਈ ਘੋਟਾਲੇ ਵਿੱਚ ਪੰਜਾਬ ਦੇ ਦੋ ਸਾਬਕਾ ਮੰਤਰੀਆਂ ਦਾ ਨਾਂ ਸਾਹਮਣੇ ਆ ਰਿਹਾ ਹੈ। ਪੰਜਾਬ ਵਿਜੀਲੈਂਸ ਨੇ ਮੋਹਾਲੀ ਅਦਾਲਤ ਵਿੱਚ ਮੁਲਜ਼ਮ ਗੁਰਿੰਦਰ ਸਿੰਘ ਠੇਕੇਦਾਰ ਦਾ ਰਿਮਾਂਡ ਵਧਾਉਣ ਲਈ ਅਦਾਲਤ ਵਿੱਚ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਦੋ ਕੈਬਿਨੇਟ ਮੰਤਰੀ ਗੁਰਿੰਦਰ ਨੂੰ ਠੇਕੇ ਦਿਵਾਉਣ ਵਿੱਚ ਮਦਦ ਕਰਦੇ ਸਨ।
ਵਿਜੀਲੈਂਸ ਮੁਤਾਬਿਕ ਠੇਕੇਦਾਰ ਦੀ ਮੰਤਰੀਆਂ ਨਾਲ ਸੈਟਿੰਗ ਕਰਵਾਉਣ ਵਿੱਚ ਉਨ੍ਹਾਂ ਦੇ PA ਦੀ ਵੀ ਭੂਮਿਕਾ ਹੈ। ਇਹ ਸਾਹਮਣੇ ਆਇਆ ਹੈ ਕਿ 1000 ਕਰੋੜ ਤੋਂ ਵੱਧ ਕੀਮਤ ਦਾ ਸਿੰਜਾਈ ਘੋਟਾਲਾ ਮੰਤਰੀਆਂ, ਉਨ੍ਹਾਂ ਦੇ ਨਿਜੀ ਸਟਾਫ ਤੇ ਠੇਕੇਦਾਰਾਂ ਦੇ ਮਿਲੀਭੁਗਤ ਨਾਲ ਚਲਦਾ ਸੀ।
ਅਦਾਲਤ ਨੇ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ 19 ਦਸੰਬਰ ਤੱਕ ਵਿਜੀਲੈਂਸ ਦੀ ਹਿਰਾਸਤ ਵਿੱਚ ਰੱਖਣ ਦੇ ਆਦੇਸ਼ ਦਿੱਤੇ ਹਨ ਤੇ ਇਸ ਦੇ ਨਾਲ ਹੀ ਅਦਾਲਤ ਨੇ ਅੱਜ ਸੇਵਾ ਮੁਕਤ ਚੀਫ ਇੰਜੀਨੀਰ ਨੂੰ 30 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਸੇਵਾ ਮੁਕਤ ਚੀਫ ਇੰਜੀਨੀਰ ਹਰਵਿੰਦਰ ਸਿੰਘ ਨੇ ਗੁਰਿੰਦਰ ਦੀ ਮੁਲਾਕਾਤ ਮੰਤਰੀਆਂ ਦੇ PA ਨਾਲ ਕਰਾਈ ਸੀ, ਜਿਸ ਤੋਂ ਅੱਗੇ ਇਨ੍ਹਾਂ ਸਹਾਇਕਾਂ ਨੇ ਮੰਤਰੀਆਂ ਨਾਲ ਸੈਟਿੰਗ ਕਰਾ ਕੇ ਗੁਰਿੰਦਰ ਨੂੰ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਿੰਜਾਈ ਵਿਭਾਗ ਵਿੱਚ 1,000 ਕਰੋੜ ਤੋਂ ਵੀ ਵੱਧ ਦੇ ਠੇਕੇ ਦਿੱਤੇ ਗਏ ਸਨ।
ਵਿਜੀਲੈਂਸ ਦੀ ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਕਿ ਗੁਰਿੰਦਰ ਨੂੰ ਠੇਕੇ ਦੇਣ ਲਈ ਸਿੰਚਾਈ ਵਿਭਾਗ ਨੇ ਟੈਂਡਰਾਂ ਦੇ ਸਾਰੇ ਨਿਯਮਾਂ ਨੂੰ ਗੁਰਿੰਦਰ ਦੇ ਹੱਕ ਵਿੱਚ ਮੋੜ ਦਿੱਤਾ। ਇਸ ਸਬੰਧੀ ਬੀਤੀ 16 ਅਗਸਤ ਨੂੰ ਪੰਜਾਬ ਵਿਜੀਲੈਂਸ ਨੇ ਸਿੰਜਾਈ ਵਿਭਾਗ ਵਿੱਚ ਹੋਏ ਬਹੁ-ਕਰੋੜੀ ਘੋਟਾਲੇ ਦਾ ਅਫਸਰਾਂ ਤੇ ਠੇਕੇਦਾਰਾਂ ਖਿਲਾਫ ਪਰਚਾ ਦਰਜ ਕੀਤਾ ਸੀ।