ਆਧਾਰ ਨਾਲ ਜੋੜਨ ਦੀ ਆਖਰੀ ਤਰੀਕ ਹੋ ਸਕਦੀ ਹੈ 31 ਮਾਰਚ

0
328

ਨਵੀਂ ਦਿੱਲੀ— ਜੇਕਰ ਤੁਸੀਂ ਅਜੇ ਤਕ ਆਧਾਰ ਕਾਰਡ ਲਈ ਅਪਲਾਈ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਸਰਕਾਰ ਕਈ ਸਕੀਮਾਂ ਤੇ ਸੇਵਾਵਾਂ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਰੀਕ ਨੂੰ ਵਧਾ ਕੇ 31 ਮਾਰਚ ਕਰ ਸਕਦੀ ਹੈ, ਯਾਨੀ ਆਧਾਰ ਕਾਰਡ ਬਣਾਉਣ ਲਈ ਤੁਹਾਨੂੰ ਕਾਫੀ ਸਮਾਂ ਮਿਲ ਸਕਦਾ ਹੈ। ਦਰਅਸਲ, ਸੋਮਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਉਹ ਵੱਖ-ਵੱਖ ਸਕੀਮਾਂ ਨੂੰ ਆਧਾਰ ਨਾਲ ਲਿੰਕ ਕਰਨ ਦੀ ਤਰੀਕ ਅਗਲੇ ਸਾਲ 31 ਮਾਰਚ 2018 ਤਕ ਵਧਾਉਣ ਲਈ ਤਿਆਰ ਹੈ। ਹੁਣ ਤਕ ਬੈਂਕ ਖਾਤੇ, ਬੀਮਾ ਤੇ ਕਈ ਹੋਰ ਸਰਕਾਰੀ ਸਕੀਮਾਂ ਨਾਲ ਆਧਾਰ ਲਿੰਕ ਕਰਨ ਦੀ ਆਖਰੀ ਤਰੀਕ 31 ਦਸੰਬਰ 2017 ਹੈ, ਜਦੋਂ ਕਿ ਮੋਬਾਇਲ ਨੰਬਰ ਨੂੰ ਆਧਾਰ ਨਾਲ ਜੋੜਨ ਦੀ ਤਰੀਕ 6 ਫਰਵਰੀ 2018 ਤਕ ਹੈ। ਜੇਕਰ ਸਰਕਾਰ ਵੱਲੋਂ ਇਹ ਤਰੀਕ ਵਧਾ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਕਾਫੀ ਰਾਹਤ ਮਿਲੇਗੀ ਜਿਨ੍ਹਾਂ ਕੋਲ ਅਜੇ ਆਧਾਰ ਕਾਰਡ ਨਹੀਂ ਹੈ। ਅਜਿਹੇ ‘ਚ ਉਹ ਮਾਰਚ ਤਕ ਆਪਣੇ ਆਧਾਰ ਕਾਰਡ ਲਈ ਅਪਲਾਈ ਕਰ ਸਕਣਗੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈ ਸਕਣਗੇ।

ਉੱਥੇ ਹੀ, ਇਸ ਵਿਚਕਾਰ ਸੁਪਰੀਮ ਕੋਰਟ ਅਗਲੇ ਹਫਤੇ ਆਧਾਰ ਨੂੰ ਮੋਬਾਇਲ ਅਤੇ ਬੈਂਕ ਖਾਤੇ ਨਾਲ ਜ਼ਰੂਰੀ ਤੌਰ ‘ਤੇ ਲਿੰਕ ਕਰਨ ਦੇ ਮੁੱਦੇ ਸੁਣਵਾਈ ਲਈ ਸੰਵਿਧਾਨਕ ਬੈਂਚ ਦਾ ਗਠਨ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਸਾਫ ਕੀਤਾ ਹੈ ਕਿ ਜਦੋਂ ਉਸ ਦੀ ਸੰਵਿਧਾਨਕ ਬੈਂਚ ਆਧਾਰ ਲਿੰਕਿੰਗ ਖਿਲਾਫ ਪਟੀਸ਼ਨਾਂ ‘ਤੇ ਆਪਣਾ ਫੈਸਲਾ ਸੁਣਾ ਦੇਵੇਗੀ, ਉਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ‘ਚ ਹੋਵੇਗੀ। ਹਾਲਾਂਕਿ,ਫਿਲਹਾਲ ਅਦਾਲਤ ਨੇ ਉਨ੍ਹਾਂ ਪਟੀਸ਼ਨ ਕਰਤਾਵਾਂ ਨੂੰ ਰਾਹਤ ਨਹੀਂ ਦਿੱਤੀ, ਜੋ ਆਧਾਰ ਨੂੰ ਜ਼ਰੂਰੀ ਤੌਰ ‘ਤੇ ਲਿੰਕ ਕਰਨ ‘ਤੇ ਅੰਤਰਿਮ ਰੋਕ ਦੀ ਮੰਗ ਕਰ ਰਹੇ ਸਨ। ਇਸ ਦਾ ਮਤਲਬ ਇਹ ਹੈ ਕਿ ਸਰਕਾਰੀ ਏਜੰਸੀਆਂ ਸਕੀਮਾਂ ਅਤੇ ਸੇਵਾਵਾਂ ਲਈ ਆਧਾਰ ਨੰਬਰ ਦੀ ਮੰਗ ਕਰ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਬੈਂਕ ਖਾਤੇ, ਬੀਮਾ ਪਾਲਿਸੀ, ਰਾਸ਼ਟਰੀ ਬਚਤ ਸਰਟੀਫਿਕੇਟ, ਕਿਸਾਨ ਵਿਕਾਸ ਪੱਤਰ, ਪੀ. ਪੀ. ਐੱਫ., ਪੈਨ ਕਾਰਡ, ਮਿਉਚਅਲ ਫੰਡ ਨਿਵੇਸ਼, ਸੋਸ਼ਲ ਸਕਿਓਰਿਟੀ ਸਕੀਮ ਨਾਲ ਆਧਾਰ ਲਿੰਕ ਕਰਨਾ ਜ਼ਰੂਰੀ ਹੈ।