ਚੰਡੀਗੜ੍ਹ: ਮਨੁੱਖੀ ਅਧਿਕਾਰਾਂ ਬਾਰੇ ਵਕੀਲਾਂ ਦੀ ਸੰਸਥਾ ਲਫਹਰੀ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਖਲ ਕਰਕੇ ਪੰਜਾਬ ਵਿੱਚ ਫੈਲੇ ਡਰੱਗਜ਼ ਮਾਫ਼ੀਆ ਵਿੱਚ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਕੇਸ ਦੀ ਸੁਣਵਾਈ 28 ਨੂੰ ਹੋਵੇਗੀ।
ਅਰਜ਼ੀ ਵਿੱਚ ਕਿਹਾ ਹੈ ਕਿ ਡਰੱਗਜ਼ ਰੈਕੇਟ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਗਜੀਤ ਸਿੰਘ ਚਹਿਲ ਨੇ ਈ.ਡੀ. ਵੱਲੋਂ ਕੀਤੀ ਗਈ ਪੁੱਛਗਿੱਛ ਵਿੱਚ ਮਜੀਠੀਆ ਦੀ ਡਰੱਗ ਧੰਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ, ਲਿਹਾਜ਼ਾ ਮਜੀਠੀਆ ਕੋਲੋਂ ਪੁੱਛਗਿੱਛ ਹੋਣੀ ਚਾਹੀਦੀ ਹੈ। ਹਾਈਕੋਰਟ ਨੇ ਅਰਜ਼ੀ ਦੀ ਸੁਣਵਾਈ ਡਰੱਗਜ਼ ਕੇਸ ਦੀ ਮੁੱਖ ਸੁਣਵਾਈ ਨਾਲ ਜੋੜ ਦਿੱਤੀ ਹੈ।
ਦੱਸਣਯੋਗ ਹੈ ਕਿ ਇਸੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕੋਰੇਟ (ਈ.ਡੀ.) ਪੰਜਾਬ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਡਾਇਰੈਕਟੋਰੇਟ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਸਬੰਧੀ ਜਿਹੜੇ ਦੋਸ਼ੀਆਂ ਦੀ ਪੁੱਛ ਗਿੱਛ ਕੀਤੀ ਸੀ, ਉਨ੍ਹਾਂ ਨੇ ਮਜੀਠੀਆ ਦਾ ਕਥਿਤ ਤੌਰ ‘ਤੇ ਨਾਂ ਲਿਆ ਹੈ।
ਕੌਮਾਂਤਰੀ ਸਮੱਗਲਰ ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਫੜੇ ਅੰਮ੍ਰਿਤਸਰ ਦੇ ਵਪਾਰੀ ਬਿੱਟੂ ਔਲਖ ਤੇ ਜਗਜੀਤ ਸਿੰਘ ਚਾਹਲ ਦੇ ਪਰਿਵਾਰ ਵਾਲਿਆਂ ਨੇ ਵੀ ਆਪਣੇ ਬਿਆਨਾਂ ਵਿੱਚ ਮਜੀਠੀਆ ਦਾ ਨਾਮ ਲਿਆ ਸੀ। ਉਨ੍ਹਾਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਕੈਨੇਡਾ ‘ਚ ਰਹਿੰਦੇ ਡਰੱਗ ਡੀਲਰਾਂ (ਨਸ਼ੀਲੇ ਪਦਾਰਥਾਂ ਦੇ ਸਮਗਲਰਾਂ) ਨੂੰ ਚੰਗੀ ਤਰ੍ਹਾਂ ਜਾਣਦੇ ਹਨ।