ਬਹੁਤ ਸਾਰੀਆਂ ਨਕਲੀ ਚੀਜ਼ਾਂ ਆਮ ਬਜਾਰ ਵਿਚ ਆ ਜਾਦੀਆਂ ਹਨ ਤੇ ਸਰਕਾਰਾਂ ਇਨਾਂ ਤੇ ਪਾਬੰਦੀ ਲਗਾ ਦਿੰਦੀਆਂ ਹਨ। ਹੁਣ ਨਕਲੀ ਬਾਬੇ ਚਰਚਾ ਵਿਚ ਹਨ ਤੇ ਇਨਾਂ ਦੇ ਬਾਈਕਾਟ ਦਾ ਐਨਾਲ ਹੋਇਆ ਹੈ। ਅਖਿਲ ਭਾਰਤੀਯ ਅਖਾੜਾ ਪ੍ਰੀਸ਼ਦ ਨੇ ਐਤਵਾਰ ਨੂੰ ਆਪਣੀ ਇਕ ਵਿਸ਼ੇਸ਼ ਬੈਠਕ ‘ਚ ਦੇਸ਼ ਦੇ 14 ਫਰਜ਼ੀ ਬਾਬਿਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਬਲਾਤਕਾਰ ਦੇ ਜ਼ੁਰਮ ‘ਚ ਸਜ਼ਾ ਕੱਟ ਰਹੇ ਦੋ ਬਾਬੇ (ਗੁਰਮੀਤ ਰਾਮ ਰਹੀਮ ਅਤੇ ਆਸਾਰਾਮ ਬਾਪੂ) ਦੇ ਨਾਂਅ ਵੀ ਸ਼ਾਮਿਲ ਹਨ | ਇਸ ਸੂਚੀ ‘ਚ ਉਕਤ ਦੋਵਾਂ ਤੋਂ ਇਲਾਵਾ ਸੁਖਵਿੰਦਰ ਕੌਰ ਉਰਫ਼ ਰਾਧੇ ਮਾਂ, ਸਵਾਮੀ ਅਸੀਮਾਂਨੰਦ, ਸੱਚਿਦਾਨੰਦ ਗਿਰੀ ਉਰਫ਼ ਸਚਿਨ ਦੱਤਾ, ਓਮ ਬਾਬਾ ਉਰਫ਼ ਵਿਵੇਕਾਨੰਦ ਝਾਅ, ਨਿਰਮਲ ਬਾਬਾ ਉਰਫ਼ ਨਿਰਮਲਜੀਤ ਸਿੰਘ, ਇੱਛਾਧਾਰੀ ਭੀਮਾਂਨੰਦ ਉਰਫ਼ ਸ਼ਿਵਮੂਰਤੀ ਦਿਵਯਵੇਦੀ, ਓਮ ਸਵਾਮੀ, ਨਾਰਾਇਣ ਸਾਂਈਾ, ਰਾਮਪਾਲ, ਕੁਸ਼ਮੁਨੀ, ਸਵਾਮੀ ਬ੍ਰਸ਼ਪਦ ਅਤੇ ਮਲਖਾਨ ਗਿਰੀ ਸ਼ਾਮਿਲ ਹਨ | ਬਾਘਬਾਬਰੀ ਮੰਠ ‘ਚ ਅਖਾੜਾ ਪ੍ਰੀਸ਼ਦ ਦੇ 13 ਅਖਾੜਿਆਂ ਦੇ ਕੁਲ 26 ਸਾਧੂ ਅਤੇ ਸੰਤਾਂ ਨੇ ਭਾਗ ਲਿਆ | ਇਸ ਬੈਠਕ ‘ਚ ਇਨ੍ਹਾਂ ਫਰਜ਼ੀ ਬਾਬਿਆਂ ਦਾ ਬਾਈਕਾਟ ਕੀਤਾ ਗਿਆ ਅਤੇ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਗਈ | ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨਰਿੰਦਰ ਗਿਰੀ ਨੇ ਕਿਹਾ ਕਿ ਇਨ੍ਹਾਂ ਫਰਜ਼ੀ ਬਾਬਿਆਂ ਨੇ ਸਨਾਤਨ ਧਰਮ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਇਸ ਲਈ ਇਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਉਹ ਫਰਜ਼ੀ ਬਾਬਿਆਂ ਦੀ ਸੂਚੀ ਕੇਂਦਰ ਸਰਕਾਰ, ਸਾਰੀਆਂ ਸੂਬਾ ਸਰਕਾਰਾਂ, ਚਾਰ ਪੀਠਾਂ ਦੇ ਸ਼ੰਕਰਾਂਚਾਰਿਆ ਅਤੇ 13 ਅਖਾੜਿਆਂ ਨੂੰ ਭੇਜ ਕੇ ਇਨ੍ਹਾਂ ਦਾ ਸਮੂਹਿਕ ਬਾਈਕਾਟ ਕਰਨਗੇ | ਸੂਚੀ ‘ਚ ਆਸਾਰਾਮ ਬਾਪੂ ਦਾ ਨਾਂਅ ਸ਼ਾਮਿਲ ਹੋਣ ਕਾਰਨ ਉਸ ਦੇ ਸਮਰਥਕਾਂ ਨੇ ਮਹੰਤ ਨਰਿੰਦਰ ਗਿਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ, ਜਿਸ ਦੀ ਮਹੰਤ ਨਰਿੰਦਰ ਗਿਰੀ ਨੇ ਐਫ.ਆਈ.ਆਰ. ਦਰਜ ਕਰਵਾ ਦਿੱਤੀ ਹੈ |