ਇੱਕ ਕਿਲੋ ਚਾਹ ਦਾ ਮੁੱਲ 40 ਹਜ਼ਾਰ ਰੁਪਏ

0
266

ਗੁਹਾਟੀ— ਅਰੁਣਾਚਲ ਪ੍ਰਦੇਸ਼ ਨੇ ਬਾਜ਼ਾਰ ‘ਚ ਸਭ ਤੋਂ ਮਹਿੰਗੀ ਚਾਹ ਪੇਸ਼ ਕਰਨ ਦੇ ਮਾਮਲੇ ‘ਚ ਆਸਾਮ ਦਾ ਰਿਕਾਰਡ ਤੋੜ ਦਿੱਤਾ ਹੈ। ਪੂਰਬ-ਉੱਤਰ ਦੇ ਇਸ ਸੂਬੇ ‘ਚ ਉਤਪਾਦਿਤ ਚਾਹ ਗੁਹਾਟੀ ਦੇ ਚਾਹ ਨੀਲਾਮੀ ਕੇਂਦਰ ‘ਤੇ 40,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ, ਜੋ ਇਕ ਵਿਸ਼ਵ ਰਿਕਾਰਡ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਸਾਮ ਦੀ ਇਕ ਕਿਸਮ ਦੀ ਚਾਹ ਨੂੰ ਨੀਲਾਮੀ ‘ਚ 39,001 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਭਾਅ ਮਿਲਿਆ ਸੀ।

ਗੁਹਾਟੀ ਚਾਹ ਨੀਲਾਮੀ ਕੇਂਦਰ ਦੇ ਖਰੀਦਦਾਰਾਂ ਦੇ ਸੰਗਠਨ ਦੇ ਸਕੱਤਰ ਦਿਨੇਸ਼ ਬਿਹਾਨੀ ਨੇ ਇਕ ਬਿਆਨ ‘ਚ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਡੋਨੀਈ ਪੋਲੋ ਚਾਹ ਦੇ ਬਾਗ ‘ਚ ਉਗਾਈ ਗਈ ਗੋਲਡਨ ਨੀਡਲਸ ਕਿਸਮ ਦੀ ਚਾਹ ਕੱਲ ਹੋਈ ਨੀਲਾਮੀ ‘ਚ 40,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ‘ਤੇ ਵਿਕੀ। ਇਸ ਨੂੰ ਆਸਾਮ ਦੇ ਇਕ ਚਾਹ ਵਪਾਰੀ ਨੇ ਖਰੀਦਿਆ, ਜੋ ਪ੍ਰਦੇਸ਼ ‘ਚ ਚਾਹ ਦੀ ਸਭ ਤੋਂ ਪੁਰਾਣੀਆਂ ਦੁਕਾਨਾਂ ‘ਚ ਇਕ ਦਾ ਸੰਚਾਲਕ ਹੈ। ਬਿਹਾਨੀ ਨੇ ਕਿਹਾ, ”ਗੋਲਡਨ ਨੀਡਲਸ ਕਿਸਮ ਦੀ ਚਾਹ ਨੂੰ ਪਾਣੀ ‘ਚ ਉਬਾਲਣ ‘ਤੇ ਕਾੜ੍ਹੇ ਦਾ ਰੰਗ ਚਮਕਦਾਰ ਸੁਨਹਿਰਾ ਦਿਸਦਾ ਹੈ। ਇਸ ਦਾ ਸਵਾਦ ਮਿੱਠਾ ਅਤੇ ਖੁਸ਼ਬੂ ਬਹੁਤ ਚੰਗੀ ਹੈ। ਸਾਨੂੰ ਉਮੀਦ ਹੈ ਕਿ ਅਜਿਹੀ ਕਿਸਮ ਦੀ ਚਾਹ ਦੀ ਬਦੌਲਤ ਅਸੀਂ ਦੁਨੀਆ ਦੇ ਚਾਹ ਬਾਜ਼ਾਰ ‘ਚ ਆਪਣਾ ਪੁਰਾਣਾ ਮਾਣ ਫਿਰ ਹਾਸਲ ਕਰ ਸਕਾਂਗੇ।”