ਚੀਨ ਨੇ ਕੌਮਾਂਤਰੀ ਸੈਲਾਨੀਆਂ ਲਈ ਸਰਹੱਦਾਂ ਖੋਲ੍ਹੀਆਂ

0
138

ਹਾਂਗਕਾਂਗ(ਪੀਟੀਆਈ  ) : ਚੀਨ ਨੇ ਅੱਜ ਤਿੰਨ ਸਾਲਾਂ ਬਾਅਦ ਕੌਮਾਂਤਰੀ ਯਾਤਰੀਆਂ ਨੂੰ ਬਿਨਾਂ ਇਕਾਂਤਵਾਸ ਦੀ ਸ਼ਰਤ ਤੋਂ ਮੁਲਕ ਵਿਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ। ਇਸ ਤੋਂ ਇਲਾਵਾ ਬਾਹਰੋਂ ਆ ਰਹੇ ਦੇਸ਼ ਵਾਸੀਆਂ ਨੂੰ ਵੀ ਇਕਾਂਤਵਾਸ ਨਹੀਂ ਕੀਤਾ ਗਿਆ। ਦੇਸ਼ ਵਿਚ ਕੇਸ ਹਾਲਾਂਕਿ ‘ਜ਼ੀਰੋ-ਕੋਵਿਡ’ ਨੀਤੀ ਖ਼ਤਮ ਹੋਣ ਤੋਂ ਬਾਅਦ ਵੱਧ ਰਹੇ ਹਨ। ਚੀਨ ਵੱਲੋਂ ‘ਕੁਆਰਨਟੀਨ’ ਦੀ ਸ਼ਰਤ ਖ਼ਤਮ ਕੀਤੇ ਜਾਣ ਤੋਂ ਬਾਅਦ ਪਹਿਲੀਆਂ ਉਡਾਣਾਂ ਅੱਜ ਗੁਆਂਗਜ਼ੂ ਤੇ ਸ਼ੇਨਝੇਨ (ਗੁਆਂਗਡੌਂਗ ਸੂਬੇ) ਹਵਾਈ ਅੱਡਿਆਂ ’ਤੇ ਉਤਰੀਆਂ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੋ ਉਡਾਣਾਂ 387 ਯਾਤਰੀਆਂ ਨਾਲ ਟੋਰਾਂਟੋ ਤੇ ਸਿੰਗਾਪੁਰ ਤੋਂ ਆਈਆਂ। ਹਾਂਗਕਾਂਗ ਨੇ ਵੀ ਚੀਨ ਲਈ ਉਡਾਣਾਂ ਆਰੰਭ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਚੀਨ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਕੋਵਿਡ ਦੀਆਂ ਪਾਬੰਦੀਆਂ ਹਟਾ ਰਿਹਾ ਹੈ। ਇਨ੍ਹਾਂ ਪਾਬੰਦੀਆਂ ਤਹਿਤ ਟੈਸਟ ਤੇ ਇਕਾਂਤਵਾਸ ਦੀਆਂ ਸ਼ਰਤਾਂ ਰੱਖੀਆਂ ਗਈਆਂ ਸਨ। ਚੀਨ ਆ ਰਹੇ ਯਾਤਰੀਆਂ ਨੂੰ ਹੁਣ ਉਡਾਣ ਤੋਂ 48 ਘੰਟੇ ਪਹਿਲਾਂ ਤੱਕ ਦਾ ਪੀਸੀਆਰ ਟੈਸਟ ਦਿਖਾਉਣਾ ਪਵੇਗਾ। ਉਨ੍ਹਾਂ ਨੂੰ ਹੁਣ ਚੀਨ ਦੇ ਕੂਟਨੀਤਕ ਤੇ ਕੌਂਸਲਰ ਮਿਸ਼ਨਾਂ ਵਿਚ ਹੈਲਥ ਕੋਡ ਲਈ ਅਰਜ਼ੀ ਨਹੀਂ ਦੇਣੀ ਪਵੇਗੀ। ਚੀਨ ਦੀ ਸਰਕਾਰ ਨੇ ਸ਼ਨਿਚਰਵਾਰ ਉਨ੍ਹਾਂ ਸਾਰੇ ਲੋਕਾਂ ਨੂੰ ਰਿਹਾਅ ਕਰਨ ਦੇ ਹੁਕਮ ਵੀ ਦਿੱਤੇ ਹਨ ਜਿਨ੍ਹਾਂ ਨੂੰ ਕਰੋਨਾਵਾਇਰਸ ਨਾਲ ਜੁੜੀਆਂ ਘਟਨਾਵਾਂ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਚੀਨ ਨੇ ਕੇਸ ਵਧਣ ਦੇ ਬਾਵਜੂਦ ਯਾਤਰਾ ਨਾਲ ਜੁੜੇ ਇਹ ਨਿਯਮ ਖ਼ਤਮ ਕੀਤੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਓਮੀਕਰੋਨ ਕੋਵਿਡ ਦੇ ਡੇਲਟਾ ਸਰੂਪ ਜਿੰਨਾ ਖ਼ਤਰਨਾਕ ਨਹੀਂ ਹੈ ਜਿਸ ਕਾਰਨ ਸੰਸਾਰ ਵਿਚ ਜ਼ਿਆਦਾਤਰ ਮੌਤਾਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਚੀਨ ਵਿਚ ਕਰੋਨਾਵਾਇਰਸ ਦੀ ਪਾਬੰਦੀਆਂ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰੇ ਹੋਏ ਸਨ ਤੇ ਲੋਕ ਸੜਕਾਂ ਉਤੇ ਆ ਗਏ ਸਨ। ਹਾਲ ਹੀ ਵਿਚ ਡਬਲਿਊਐਚਓ ਨੇ ਚੀਨ ਦੇ ਸਿਹਤ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਉਨ੍ਹਾਂ ਨੂੰ ਕੋਵਿਡ ਦੇ ਅੰਕੜਿਆਂ ਵਿਚ ਪਾਰਦਰਸ਼ਤਾ ਰੱਖਣ ਲਈ ਕਿਹਾ ਸੀ।