ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਜੰਮਪਲ ਪੰਜਾਬੀ ਬਾਕਸਿੰਗ ਖਿਡਾਰੀ ਤਕਦੀਰ ਸਿੰਘ ਵਲੋਂ ਹਾਂਗਕਾਂਗ ਬਾਕਸਿੰਗ ਚੈਂਪੀਅਨਸ਼ਿਪ 2022 ਦੇ 63 ਕਿਲੋ ਵਰਗ ਦੇ ਲੜੇ ਗਏ ਮੁਕਾਬਲੇ ‘ਚ ਚੈਂਪੀਅਨਸ਼ਿਪ ਜਿੱਤ ਕੇ ਪੰਜਾਬੀ ਭਾਈਚਾਰੇ ਦੇ ਮਾਣ ‘ਚ ਵਾਧਾ ਕੀਤਾ ਹੈ | ਹਾਂਗਕਾਂਗ ਸਰਕਾਰ ਦੇ ਅਦਾਰੇ ਹਾਂਗਕਾਂਗ ਬਾਕਸਿੰਗ ਐਸੋਸੀਏਸ਼ਨ ਵਲੋਂ ਕਰਵਾਏ ਗਏ ਇਸ ਮੁਕਾਬਲੇ ‘ਚ 21 ਸਾਲਾ ਤਕਦੀਰ ਸਿੰਘ ਵਲੋਂ 2019 ਦੇ ਚੈਂਪੀਅਨ 29 ਸਾਲਾ ਖਿਡਾਰੀ ਲੋਕਾ-ਸ਼ਾ-ਚੁਨ ਨੂੰ ਮਾਤ ਦੇ ਕੇ ਸਭ ਨੂੰ ਅਚੰਭਿਤ ਕਰ ਦਿੱਤਾ | ਪੰਜਾਬ ਤੋਂ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਦੇ ਬੂਟਾ ਸਿੰਘ ਢਿੱਲੋਂ ਦਾ ਪੋਤਰਾ ਤੇ ਹਰਦੇਵ ਸਿੰਘ ਦਾ ਇਹ ਹੋਣਹਾਰ ਪੁੱਤਰ ਇਸ ਸਮੇਂ ਅੰਤਰਰਾਸ਼ਟਰੀ ਪੱਧਰ ‘ਤੇ ਬਾਕਸਿੰਗ ਖੇਡ ‘ਚ ਹਾਂਗਕਾਂਗ ਦੀ ਨੁਮਾਇੰਦਗੀ ਕਰ ਰਿਹਾ ਹੈ | ਸਾਲ 2015 ‘ਚ 16 ਸਾਲਾ ਤਕਦੀਰ ਸਿੰਘ ਵਲੋਂ ਹਾਂਗਕਾਂਗ ਦੇ ਸਟਾਰ ਚੈਂਪੀਅਨ 37 ਸਾਲਾ ਐਮੀਗੋ ਸ਼ੋਏ ਨੂੰ ਹਰਾ ਕੇ ਹਾਂਗਕਾਂਗ ਸਮੇਤ ਪੂਰੀ ਦੁਨੀਆ ਦੇ ਮੀਡੀਏ ‘ਚ ਸੁਰਖੀਆਂ ਬਟੋਰੀਆਂ ਸਨ | ਸਾਲ 2022 ਤੋਂ ਤਕਦੀਰ ਸਿੰਘ ਬਤੌਰ ਹਾਂਗਕਾਂਗ ਦੇ ਬਾਕਸਿੰਗ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਫਿਨਲੈਂਡ ਅਤੇ ਥਾਈਲੈਂਡ ‘ਚ 4 ਚੈਂਪੀਅਨਸ਼ਿਪ ਪ੍ਰਾਪਤ ਕਰ ਚੁੱਕਾ ਹੈ | ਜ਼ਿਕਰਯੋਗ ਹੈ ਕਿ ਤਕਦੀਰ ਸਿੰਘ ਆਪਣੀ ਹਰ ਚੈਂਪੀਅਨਸ਼ਿਪ ਪ੍ਰਾਪਤ ਕਰਨ ਮੌਕੇ ਸਿੱਖੀ ਦੇ ਨਿਸ਼ਾਨ ਖੰਡੇ ਵਾਲਾ ਪਟਕਾ ਧਾਰਨ ਕਰਕੇ ਆਪਣੀ ਕੌਮ ਅਤੇ ਭਾਈਚਾਰੇ ਪ੍ਰਤੀ ਸਮਰਪਣ ਭਾਵਨਾ ਦਾ ਪ੍ਰਗਟਾਵਾ ਪੇਸ਼ ਕਰਦਾ ਹੈ |