ਸੂਬੇ ਭਰ ‘ਚ 15 ਜੁਲਾਈ ਤੋਂ ਬੂਟੇ ਲਗਾਓ ਪੰਦਰਵਾੜਾ ਮਨਾਇਆ ਜਾਵੇਗਾ-ਰਾਜੇਵਾਲ

0
197

ਜਲੰਧਰ ( ਸਿੰਘ)-ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਇਕ ਮੀਟਿੰਗ ‘ਚ ਵਾਤਾਵਰਣ ਨੂੰ ਬਚਾਉਣ ਲਈ ‘ਬੂਟੇ ਲਗਾਓ’ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ | ਜਿਸ ਤਹਿਤ 15 ਜੁਲਾਈ ਤੋਂ ਬੂਟੇ ਲਗਾਓ ਪੰਦਰਵਾੜਾ ਮਨਾਇਆ ਜਾਵੇਗਾ ਤੇ ਇਸ ਦੌਰਾਨ ਰਾਜ ਭਰ ‘ਚ ਮੋਰਚੇ ਵਲੋਂ ਲੋਕਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ ‘ਚ ਬੂਟੇ ਲਗਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰ ਕਿਸਾਨ ਆਪਣੇ ਟਿਊਬਵੈੱਲ ‘ਤੇ ਘੱਟੋ-ਘੱਟ 10 ਬੂਟੇ ਜ਼ਰੂਰ ਲਗਾਵੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਚੁੱਕੇ | ਇਸੇ ਤਰ੍ਹਾਂ ਉਨ੍ਹਾਂ ਆਮ ਲੋਕਾਂ ਨੂੰ ਵੀ ਬੂਟੇ ਲਗਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ 5 ਮਰਲੇ ਦੇ ਘਰਾਂ ਵਾਲੇ ਲੋਕ ਘੱਟੋ-ਘੱਟ 2 ਬੂਟੇ ਅਤੇ ਵੱਡੇ ਪਲਾਟਾਂ ਵਾਲੇ 4 ਤੋਂ 6 ਬੂਟੇ ਲਗਾਉਣ | ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਹਵਾ, ਪਾਣੀ ਅਤੇ ਜ਼ਮੀਨ ਦੀ ਸ਼ੁੱੱਧਤਾ ਲਈ ਪਿੰਡ-ਪਿੰਡ ਅਤੇ ਸ਼ਹਿਰਾਂ ‘ਚ ਵੀ ਮੁਹਿੰਮ ਚਲਾਏਗਾ | ਮੋਰਚੇ ਦੇ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਮੋਰਚੇ ਨੂੰ ਮਜ਼ਬੂਤ ਕਰਨ ਲਈ ਜਲਦ ਹੀ ਬੂਥ ਪੱਧਰ ਤੱਕ ਢਾਂਚਾ ਬਣਾਇਆ ਜਾਵੇਗਾ | ਇਸ ਮੌਕੇ ਉੱਘੇ ਕਿਸਾਨ ਆਗੂ ਜਸਵਿੰਦਰ ਸਿੰਘ ਸੰਘਾ, ਡਾ. ਅਰਸ਼ਦੀਪ ਸਿੰਘ, ਰਵਨੀਤ ਸਿੰਘ ਬਰਾੜ, ਸੁਖਜਿੰਰ ਸਿੰਘ ਮਾਹੂ, ਬੀਬੀ ਗੁਰਨਾਮ ਕੌਰ, ਪ੍ਰਸ਼ੋਤਮ ਅਹੀਰ, ਡਾ. ਅਮਨਦੀਪ ਕੌਰ, ਅਭੀਕਰਨ ਸਿੰਘ, ਕਰਨਲ ਮਾਲਵਿੰਦਰ ਸਿੰਘ, ਸੁਖਵੰਤ ਸਿੰਘ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਮਨਦੀਪ ਸਿੰਘ ਸਮਰਾ, ਬੀਬੇ ਪਿੰਦੇ ਬਾਸੀ, ਮਨਜੀਤ ਸਿੰਘ ਤੇ ਹੋਰ ਕਿਸਾਨ ਆਗੂ ਵੀ ਮੌਜੂਦ ਸਨ |