ਹਾਂਗਕਾਂਗ (ਜੰਗ ਬਹਾਦਰ ਸਿੰਘ)-ਗਰਮਖੰਡੀ ਚੱਕਰਵਾਤੀ ਤੂਫ਼ਾਨ ਲਾਇਨਰੋਕ ਦੇ ਹਾਂਗਕਾਂਗ ‘ਤੇ ਪਏ ਪ੍ਰਭਾਵ ਅਧੀਨ ਸ਼ੁੱਕਰਵਾਰ ਦੁਪਹਿਰ ਤੋਂ ਪਹਿਲਾਂ ਨੰਬਰ-3 ਸੰਕੇਤ ਅਤੇ ਕਲਾ ਬਰਸਾਤੀ ਸੰਕੇਤ ਜਾਰੀ ਕੀਤੇ ਅਤੇ ਸਨਿਚਰਵਾਰ ਸਵੇਰੇ ਕਰੀਬ 6 ਵਜੇ ਤੇਜ਼ ਤੂਫ਼ਾਨ ਦਾ 8 ਨੰ. ਸੰਕੇਤ ਜਾਰੀ ਕੀਤਾ ਜੋ ਅੱਧੀ ਰਾਤ ਤੱਕ ਪ੍ਰਭਾਵਸ਼ੀਲ ਰਹਿ ਸਕਦਾ ਹੈ | ਇਸ ਤੂਫ਼ਾਨ ਦੇ ਪ੍ਰਭਾਵ ਅਧੀਨ ਹਾਂਗਕਾਂਗ ਵਿਚ 70 ਮਿਲੀਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਬਾਰਿਸ਼ ਦੇ ਨਾਲ 108 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀਆਂ ਤੇਜ਼ ਹਵਾਵਾਂ ਨੇ ਜਨਜੀਵਨ ਅਸਤ-ਵਿਅਸਤ ਕੀਤਾ ਅਤੇ ਪੂਰਾ ਸ਼ਹਿਰ ਜਲ-ਥਲ ਕਰ ਦਿੱਤਾ | ਸ਼ੁੱਕਰਵਾਰ ਸਵੇਰ ਤੇਜ਼ ਹਵਾਵਾਂ ਕਾਰਨ ਹੈਪੀ ਵੈਲੀ ਇਲਾਕੇ ਦੇ ਬ੍ਰੋਡਵੁੱਡ ਰੋਡ ‘ਤੇ ਇਮਾਰਤੀ ਮੁਰੰਮਤ ਲਈ ਲਗਾਈ ਗਈ, 100-150 ਮੀਟਰ ਬਾਂਸ ਦੀ ਸਕੈਫੋਲਡਿੰਗ ਡਿੱਗਣ ਕਾਰਨ ਇਕ ਔਰਤ ਕਰਮਚਾਰੀ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਜ਼ਖ਼ਮੀ ਹੋਈ | ਸਰਕਾਰ ਵਲੋਂ ਬਣਾਏ ਗਏ ਕਰੀਬ 20 ਆਰਜ਼ੀ ਸ਼ਰਨਾਰਥੀ ਘਰਾਂ ਵਿਚ ਕਰੀਬ 75 ਲੋਕਾਂ ਵਲੋਂ ਸ਼ਰਨ ਲਈ ਗਈ ਅਤੇ 9 ਵਿਅਕਤੀ ਜਿਨ੍ਹਾਂ ਵਿਚ 2 ਮਰਦ ਅਤੇ 7 ਔਰਤਾਂ ਦੇ ਜ਼ਖ਼ਮੀ ਹੋਣ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ |