ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਵਲੋਂ ਕਾਸਵੇਅ ਬੇਅ ਸਥਿਤ ਲਿਟਲ ਬਾਸ ਨਾਂਅ ਦੀ ਪਾਲਤੂ ਜਾਨਵਰ ਵੇਚਣ ਵਾਲੀ ਦੁਕਾਨ ‘ਤੇ 11 ਹੈਮਸਟਰਾ (ਛੋਟੇ ਪਾਲਤੂ ਚੂਹੇ), ਇਕ ਕਰਮਚਾਰੀ ਅਤੇ 2 ਗ੍ਰਾਹਕਾਂ ਦੇ ਕੋਵਿਡ-19 ਦੇ ਪਾਜ਼ੀਟਿਵ ਨਤੀਜੇ ਆਉਣ ‘ਤੇ ਹਾਂਗਕਾਂਗ ਵਿਚ 34 ਦੁਕਾਨਾਂ ਦੇ ਹੈਮਸਟਰਾਂ ਅਤੇ ਉਨ੍ਹਾਂ ਦੇ ਸੰਪਰਕ ਵਾਲੇ ਕਰੀਬ 2000 ਜਾਨਵਰਾਂ ਨੂੰ ਮਾਰਨ ਦਾ ਫ਼ੈਸਲਾ ਲਿਆ ਹੈ | ਸੰਕ੍ਰਮਿਤ ਹੈਮਸਟਰ 22 ਅਕਤੂਬਰ ਅਤੇ 7 ਜਨਵਰੀ ਨੂੰ ਦੋ ਬੈਚ ਵਿਚ ਨੀਦਰਲੈਂਡ ਤੋਂ ਆਯਾਤ ਕੀਤੇ ਗਏ ਸਨ | ਸਰਕਾਰ ਵਲੋਂ 22 ਅਕਤੂਬਰ ਤੋਂ ਬਾਅਦ ਖ਼ਰੀਦੇ ਗਏ ਹੈਮਸਟਰ ਸਿਹਤ ਵਿਭਾਗ ਨੂੰ ਸੌਂਪਣ ਦੀ ਅਪੀਲ ਕੀਤੀ ਗਈ ਹੈ | ਇਸ ਤੋਂ ਇਲਾਵਾ ਇਸ ਦੁਕਾਨ ਦੇ 150 ਗ੍ਰਾਹਕਾਂ ਤੇ 30 ਕਰਮਚਾਰੀਆਂ ਨੂੰ ਲਾਜ਼ਮੀ ਇਕਾਂਤਵਾਸ ਕੀਤਾ ਗਿਆ ਹੈ | ਹਾਲਾਂਕਿ ਵਿਗਿਆਨਕ ਤੌਰ ‘ਤੇ ਜਾਨਵਰਾਂ ਤੋਂ ਮਨੁੱਖ ਨੂੰ ਕੋਵਿਡ-19 ਮਹਾਂਮਾਰੀ ਦੀ ਲਾਗ ਲੱਗਣ ਦੀ ਹਾਲੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਸਰਕਾਰ ਵਲੋਂ ਜਨਤਕ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਦੁਨੀਆ ਦਾ ਪਹਿਲਾ ਅਜਿਹਾ ਜਲਦਬਾਜ਼ੀ ਵਿਚ ਲਿਆ ਫ਼ੈਸਲਾ ਹੈ, ਜੋ ਹਾਂਗਕਾਂਗ ਸਮੇਤ ਪੂਰੀ ਦੁਨੀਆ ਦੇ ਜੀਵ ਪ੍ਰੇਮੀਆਂ ਲਈ ਬੇਹੱਦ ਦੁਖਦਾਇਕ ਅਤੇ ਕਠੋਰ ਹੈ |