ਸਾਹਨੇਵਾਲ ਤੋ ਦਿੱਲੀ ਲਈ ਹਵਾਈ ੳਡਾਰੀਆਂ ਅੱਜ ਤੋਂ

0
694

ਲੁਧਿਆਣਾ, 2 ਸਤੰਬਰ : ਤਿੰਨ ਸਾਲ ਬਾਅਦ ਅੱਜ ਤੋਂ ਸਨਅਤੀ ਸ਼ਹਿਰ ਇੱਕ ਵਾਰ ਫਿਰ ਕੌਮੀ ਰਾਜਧਾਨੀ ਨਾਲ ਹਵਾਈ ਕੁਨੈਕਟੀਵਿਟੀ ਰਾਹੀਂ ਜੁੜ ਜਾਏਗਾ। ਕੇਂਦਰ ਸਰਕਾਰ ਦੀ ਉਡਾਨ (ਉੜੇ ਆਮ ਆਦਮੀ) ਸਕੀਮ ਤਹਿਤ ਲੁਧਿਆਣਾ ਤੋਂ ਦਿੱਲੀ ਅਤੇ ਦਿੱਲੀ ਤੋਂ ਲੁਧਿਆਣਾ ਲਈ ਭਲਕੇ 2 ਸਤੰਬਰ ਤੋਂ ਉਡਾਣ ਸ਼ੁਰੂ ਹੋ ਜਾਵੇਗੀ। ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ 70 ਸੀਟਾਂ ਵਾਲਾ ਜਹਾਜ਼ ਸ਼ਾਮ 5 ਵਜੇ ਲੋਕਾਂ ਨੂੰ ਦਿੱਲੀ ਲਈ ਲੈ ਕੇ ਉੱਡੇਗਾ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਜਾਣਕਾਰੀ ਅਨੁਸਾਰ ਸਾਹਨੇਵਾਲ ਹਵਾਈ ਅੱਡੇ ’ਤੇ ਦੁਪਹਿਰ ਸਾਢੇ ਤਿੰਨ ਤੋਂ ਚਾਰ ਵਜੇ ਦੇ ਦਰਮਿਆਨ ਦਿੱਲੀ ਤੋਂ ਏਅਰ ਇੰਡੀਆ ਦਾ ਜਹਾਜ਼ ਸਵਾਰੀਆਂ ਲੈ ਕੇ ਪੁੱਜੇਗਾ ਅਤੇ ਸ਼ਾਮ 5 ਵਜੇ ਵਾਪਸ ਦਿੱਲੀ ਲਈ ਉਡਾਣ ਭਰੇਗਾ। ਸਾਹਨੇਵਾਲ ਹਵਾਈ ਅੱਡੇ ’ਤੇ ਉਡਾਣਾਂ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਹਵਾਈ ਅੱਡੇ ਨੂੰ ਜਿੱਥੇ ਸਜਾਇਆ ਗਿਆ ਹੈ, ਉਥੇ ਮੁਸਾਫ਼ਰਾਂ ਦੇ ਸਵਾਗਤ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਬੁਨਿਆਦੀ ਢਾਂਚੇ ਵਜੋਂ ਹਵਾਈ ਅੱਡਾ ਘਰੇਲੂ ਹਵਾਈ ਉਡਾਣਾਂ ਲਈ ਬਿਲਕੁਲ ਤਿਆਰ ਹੈ। ਇਸ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਨੂੰ ਆਉਣ/ਜਾਣ ਵਾਲੇ ਮੁਸਾਫ਼ਰ ਸਾਹਨੇਵਾਲ ਰੇਲਵੇ ਓਵਰਬ੍ਰਿਜ ਤੋਂ ਕੋਹਾੜਾ ਵੱਲ ਨੂੰ ਉੱਤਰ ਕੇ ਬਾਈਪਾਸ ਵਾਲੇ ਰਸਤੇ ਨੂੰ ਤਰਜੀਹ ਦੇਣ। ਉਧਰ, ਹਵਾਈ ਅੱਡੇ ਦੇ ਕਾਰਜਕਾਰੀ ਡਾਇਰੈਕਟਰ ਅਮਰਦੀਪ ਨਹਿਰਾ ਨੇ ਕਿਹਾ ਕਿ ਸਾਹਨੇਵਾਲ ਹਵਾਈ ਅੱਡਾ ਦਿੱਲੀ ਤੋਂ ਆਉਣ ਵਾਲੀ ਉਡਾਣ ਲਈ ਤਿਆਰ ਹੈ।
ਇਸ ਦੌਰਾਨ ਨਿੱਜੀ ਪੱਤਰ ਪ੍ਰੇਰਕ ਦੀ ਰਿਪੋਰਟ ਅਨੁਸਾਰ ਏਅਰ ਇੰਡੀਆ ਦੀ ਉਪਰੋਕਤ ਉਡਾਣ ਹਫ਼ਤੇ ਵਿਚ 4 ਦਿਨ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ। ਸੁੂਤਰਾਂ ਮੁਤਾਬਕ 70 ਸੀਟਾਂ ਵਾਲੇ ਇਸ ਜਹਾਜ਼ ਵਿੱਚ ਅੱਜ ਦੁਪਹਿਰ ਤੱਕ ਕੇਵਲ 29 ਸੀਟਾਂ ਦੀ ਹੀ ਬੁਕਿੰਗ ਹੋਈ ਸੀ।