ਪੇਈਚਿੰਗ(ਪੀਟੀਆਈ ) : ਇਕ ਚੀਨੀ ਪੁਲਾੜ ਯਾਨ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਗੋਬੀ ਮਾਰੂਥਲ ਤੋਂ ਰਵਾਨਾ ਹੋਣ ਤੋਂ ਕੁਝ ਘੰਟਿਆਂ ਬਾਅਦ ਅੱਜ ਸਫ਼ਲਤਾਪੂਰਵਕ ਦੇਸ਼ ਦੇ ਨਵੇਂ ਬਣ ਰਹੇ ਪੁਲਾੜ ਸਟੇਸ਼ਨ ਤਿਆਨਹੇ ਪਹੁੰਚ ਗਿਆ। ਇਸ ਯਾਨ ਦਾ ਦੇਸ਼ ਦੇ ਨਵੇਂ ਪੁਲਾੜ ਸਟੇਸ਼ਨ ’ਤੇ ਪਹੁੰਚਣਾ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ ਦੀਆਂ ਪੁਲਾੜ ਖੋਜ ਸਬੰਧੀ ਯੋਜਨਾਵਾਂ ਅਤੇ ਆਪਣੇ ਆਪ ਨੂੰ ਇਕ ਮੋਹਰੀ ਪੁਲਾੜ ਸ਼ਕਤੀ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਵੱਲ ਇਕ ਮੀਲ ਪੱਥਰ ਸਾਬਿਤ ਹੋਵੇਗਾ। ਚਾਈਨਾ ਮੈਨਡ ਸਪੇਸ ਏਜੰਸੀ (ਸੀਐੱਮਐੱਸਏ) ਮੁਤਾਬਕ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਇਆ ਸ਼ੈਨਜ਼ੂ-12 ਪੁਲਾੜ ਯਾਨ ਛੇ ਘੰਟੇ ਬਾਅਦ ਅੱਜ ਦੁਪਹਿਰੇ ਸਫ਼ਲਤਾਪੂਰਵਕ ਪੁਲਾੜ ਸਟੇਸ਼ਨ ਦੇ ਕੋਰ ਮੋਡਿਊਲ ਤਿਆਨਹੇ ਨਾਲ ਜੁੜ ਗਿਆ।
ਸਰਕਾਰੀ ਨਿਊਜ਼ ਏਜੰਸੀ ਸਿਨਹੁਆ ਦੀ ਖ਼ਬਰ ਅਨੁਸਾਰ ਇਹ ਪੁਲਾੜ ਯਾਨ ਅੱਜ ਸਵੇਰੇ ਲਾਂਚ ਕੀਤਾ ਗਿਆ ਸੀ ਅਤੇ ਪੇਈਚਿੰਗ ਦੇ ਸਮੇਂ ਅਨੁਸਾਰ ਇਹ ਅੱਜ ਬਾਅਦ ਦੁਪਹਿਰ 3.54 ਵਜੇ ਤਿਆਨਹੇ ਦੇ ਅਗਲੇ ਹਿੱਸੇ ਨਾਲ ਜੁੜ ਗਿਆ। ਰਿਪੋਰਟ ਅਨੁਸਾਰ ਇਸ ਪ੍ਰਕਿਰਿਆ ਵਿਚ ਤਕਰੀਬਨ 6.5 ਘੰਟੇ ਦਾ ਸਮਾਂ ਲੱਗਿਆ।
ਚੀਨ ਦੇ ਹਾਲ ਹੀ ਵਿਚ ਮੰਗਲ ਤੇ ਪਿਛਲੀ ਚੰਦ ਮੁਹਿੰਮ ਤੋਂ ਬਾਅਦ ਦੇਸ਼ ਲਈ ਸਭ ਤੋਂ ਵੱਧ ਵੱਕਾਰੀ ਤੇ ਰਣਨੀਤਕ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਇਹ ਪੁਲਾੜ ਪ੍ਰਾਜੈਕਟ ਆਸਮਾਨ ਤੋਂ ਚੀਨ ਦੀ ਅੱਖ ਬਣ ਕੇ ਕੰਮ ਕਰੇਗਾ। ਇਸ ਰਾਹੀਂ ਉਸ ਦੇ ਪੁਲਾੜ ਯਾਤਰੀ ਬਾਕੀ ਦੁਨੀਆ ’ਤੇ ਨਜ਼ਰ ਰੱਖ ਸਕਣਗੇ।
ਤਿਆਨਹੇ ’ਤੇ ਉਤਰਨ ਤੋਂ ਬਾਅਦ ਪੁਲਾੜ ਯਾਤਰੀ ਨੀ ਹੈਸ਼ੇਂਗ (56), ਲਿਊ ਬੌਮਿੰਗ (54) ਅਤੇ ਟੈਂਗ ਹੌਂਗਬੋ (45) ਤਿੰਨ ਮਹੀਨਿਆਂ ਦੀ ਮੁਹਿੰਮ ’ਤੇ ਉੱਥੇ ਰਹਿਣਗੇ। ਉਹ ਪੁਲਾੜ ਸਟੇਸ਼ਨ ਦੇ ਨਿਰਮਾਣ ਨਾਲ ਸਬੰਧਤ ਕੰਮ ਕਰਨਗੇ, ਜਿਸ ਦੇ ਅਗਲੇ ਸਾਲ ਤੱਕ ਤਿਆਰ ਹੋਣ ਦੀ ਆਸ ਹੈ। ਹੈਸ਼ੇਂਗ ਨੇ ਧਰਤੀ ਦੇ ਘੇਰੇ ਕੋਲ ਪਹੁੰਚਣ ’ਤੇ ਕਿਹਾ, ‘‘ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।’’ ਉਹ ਇਸ ਤੋਂ ਪਹਿਲਾਂ ਵੀ ਦੋ ਪੁਲਾੜ ਮੁਹਿੰਮਾਂ ਵਿਚ ਜਾ ਚੁੱਕੇ ਹਨ। ਇਹ ਚੀਨ ਦੀ ਸਭ ਤੋਂ ਲੰਬੀ ਤੇ ਕਰੀਬ ਪੰਜ ਸਾਲਾਂ ਵਿਚ ਪਹਿਲੀ ਮਨੁੱਖੀ ਪੁਲਾੜ ਮੁਹਿੰਮ ਹੋਵੇਗੀ।
ਅਗਲੇ ਮਹੀਨੇ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਸ਼ਤਾਬਦੀ ਸਮਾਰੋਹਾਂ ਤੋਂ ਪਹਿਲਾਂ ਇਸ ਪੁਲਾੜ ਯਾਨ ਨੂੰ ਭੇਜਿਆ ਜਾਣਾ ਉਸ ਦੀ ਅਗਵਾਈ ਵਿਚ ਚੀਨ ਦੀ ਇਕ ਅਹਿਮ ਉਪਲੱਬਧੀ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਸਟੇਸ਼ਨ ਤਿਆਰ ਹੋਣ ’ਤੇ ਇਹ ਪਾਕਿਸਤਾਨ ਵਰਗੇ ਚੀਨ ਦੇ ਨੇੜਲੇ ਸਹਿਯੋਗੀਆਂ ਤੇ ਹੋਰ ਕੌਮਾਂਤਰੀ ਪੁਲਾੜ ਸਹਿਯੋਗ ਸਾਂਝੇਦਾਰਾਂ ਲਈ ਵੀ ਉਪਲੱਬਧ ਹੋਣ ਦੀ ਆਸ ਹੈ। ਇਸ ਦੇ ਤਿਆਰ ਹੋਣ ’ਤੇ ਚੀਨ ਇਕਮਾਤਰ ਅਜਿਹਾ ਦੇਸ਼ ਹੋਵੇਗਾ ਜਿਸ ਕੋਲ ਆਪਣਾ ਪੁਲਾੜ ਸਟੇਸ਼ਨ ਹੋਵੇਗਾ ਜਦਕਿ ਕੌਮਾਂਤਰੀ ਪੁਲਾੜ ਸਟੇਸ਼ਨ ਕਈ ਦੇਸ਼ਾਂ ਦਾ ਸਾਂਝਾ ਪ੍ਰਾਜੈਕਟ ਹੈ। ਚੀਨ ਦਾ ਪੁਲਾੜ ਸਟੇਸ਼ਨ ਰੌਬੋਟਿਕ ਆਰਮ ਨਾਲ ਲੈਸ ਹੋਵੇਗਾ, ਜਿਸ ਦੇ ਸੰਭਾਵੀ ਫ਼ੌਜੀ ਇਸਤੇਮਾਲਾਂ ਦੇ ਖ਼ਦਸ਼ੇ ਨੂੰ ਲੈ ਕੇ ਅਮਰੀਕਾ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ। –