ਅੰਤਰਰਾਸ਼ਟਰੀ ਵਿਰੋਧ ਨੂੰ ਦਰਕਿਨਾਰ ਕਰਦਿਆਂ ਚੀਨ ਵਲੋਂ ਹਾਂਗਕਾਂਗ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ

0
436

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਅੰਤਰਰਾਸ਼ਟਰੀ ਵਿਰੋਧ ਨੂੰ ਦਰਕਿਨਾਰ ਕਰਦਿਆਂ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਵਲੋਂ ਪਾਸ ਕਰਨ ਦੇ ਨਾਲ ਹਾਂਗਕਾਂਗ ਦੇ ਮੁਢਲੇ ਕਾਨੂੰਨ ਦੀ ਧਾਰਾ 111 ‘ਚ ਸ਼ਾਮਿਲ ਕਰਨ ਦੇ ਲਏ ਫ਼ੈਸਲੇ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਲੋਂ ਹਾਂਗਕਾਂਗ ਲਈ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਜਾਰੀ ਕਰਨ ਦੇ ਆਦੇਸ਼ ‘ਤੇ ਦਸਤਖ਼ਤ ਕੀਤੇ ਗਏ ਹਨ | ਚੀਨ ਵਲੋਂ ਹਾਂਗਕਾਂਗ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰਨ ਤੋਂ ਬਾਅਦ ਪਹਿਲਾਂ ਹੀ ਸਖ਼ਤ ਵਿਰੋਧ ਕਰ ਰਹੇ ਅੰਤਰਰਾਸ਼ਟਰੀ ਭਾਈਚਾਰੇ (ਖਾਸ ਕਰਕੇ ਪੱਛਮੀ ਦੇਸ਼ਾਂ) ਵਲੋਂ ਇਕਦਮ ਪ੍ਰਤੀਕਿਰਿਆ ਦਿੰਦਿਆਂ ਇਸ ਕਾਨੂੰਨ ਨੂੰ ਹਾਂਗਕਾਂਗ ਦੇ ਲੋਕਾਂ ਦੀ ਆਜ਼ਾਦੀ ਅਤੇ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਭੰਗ ਕਰਕੇ ਹਾਂਗਕਾਂਗ ਦੇ ਅੰਤਰਰਾਸ਼ਟਰੀ ਪੱਧਰੀ ਵਿੱਤੀ ਕੇਂਦਰ ਹੋਣ ਦੇ ਸਟੇਟਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਿਆ ਗਿਆ ਹੈ | ਇਸ ਕਾਨੂੰਨ ਦੇ ਪਾਸ ਹੋਣ ‘ਤੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਜਰਮਨ, ਤਾਈਵਾਨ, ਇੰਗਲੈਂਡ, ਯੂਰਪੀਅਨ ਯੂਨੀਅਨ, ਨੈਟੋ ਚੀਫ਼ ਜੇਨਸ ਸਟੋਲਨਬਰਡ, ਹਾਂਗਕਾਂਗ ਦੇ ਆਖ਼ਰੀ ਰਾਜਪਾਲ ਕ੍ਰਿਸ ਪੈਟਨ ਸਮੇਤ ਹਾਂਗਕਾਂਗ ਦੇ ਲੋਕਤੰਤਰੀ ਪੱਖੀ ਸਮੂਹਾਂ ਅਤੇ ਸੰਸਦ ਮੈਂਬਰਾਂ ਵਲੋਂ ਚੀਨ ਦੀ ਨਿੰਦਾ ਕਰਦਿਆਂ ਇਸ ਮਸਲੇ ਨੂੰ ਅੰਤਰਰਾਸ਼ਟਰੀ ਅਦਾਲਤਾਂ ਵਿਚ ਉਠਾਉਣ ਦੀ ਚਿਤਾਵਨੀ ਦਿੰਦਿਆਂ ਰੋਸ ਪ੍ਰਗਟ ਕੀਤਾ ਹੈ ਜਦਕਿ ਅਮਰੀਕਾ ਇਸ ਸਬੰਧੀ ਸੋਮਵਾਰ ਰਾਤ ਨੂੰ ਬਿਆਨ ਜਾਰੀ ਕਰਦਿਆਂ ਹਾਂਗਕਾਂਗ ਨੂੰ ਹੋਣ ਵਾਲੀਆਂ ਇਸ ਸਬੰਧੀ ਬਰਾਮਦਾਂ ਨੂੰ ਖ਼ਤਮ ਕਰਨ ਦਾ ਐਲਾਨ ਕਰ ਚੁੱਕਾ ਹੈ ਅਤੇ ਚੀਨ ਨੇ ਅਮਰੀਕਾ ਦੇ ਇਸ ਕਦਮ ‘ਤੇ ਇਤਰਾਜ਼ ਕਰਦਿਆਂ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ | ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਇਸ ਕਾਨੂੰਨ ਦਾ ਸਵਾਗਤ ਕਰਦਿਆਂ ਕਿਹਾ ਕਿ ਨਵਾਂ ਕਾਨੂੰਨ ਮੰਗਲਵਾਰ ਸ਼ਾਮ ਨੂੰ ਅਮਲ ਵਿਚ ਆ ਜਾਵੇਗਾ ਅਤੇ ਹਾਂਗਕਾਂਗ ਸਰਕਾਰ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਯੋਗ ਹੋਣ ਲਈ ਗਜ਼ਟ ਦੁਆਰਾ ਪ੍ਰੇਰਿਤ ਕਰਨ ਦੀ ਲੋੜੀਂਦੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਹੋਵੇਗੀ |