ਪੁਲਾੜ ‘ਚ ਬੇਕਾਬੂ ਚੀਨੀ ਰਾਕਟ

0
152

ਬੀਜਿੰਗ (ਏਜੰਸੀ) : ਚੀਨ ਤੋਂ ਕਥਿਤ ਤੌਰ ‘ਤੇ ਪੈਦਾ ਹੋਈ ਕੋਰੋਨਾ ਮਹਾਮਾਰੀ ਤੋਂ ਪਰੇਸ਼ਾਨ ਦੁਨੀਆ ਦੀ ਚਿੰਤਾ ਹੁਣ ਚੀਨ ਦੇ ਰਾਕਟ ਨੇ ਵਧਾ ਦਿੱਤੀ ਹੈ। ਬੇਕਾਬੂ ਹੋ ਚੁੱਕੇ ਚੀਨੀ ਰਾਕਟ ਲਾਂਗਮਾਰਚ 5ਬੀ ਧਰਤੀ ‘ਤੇ ਆਉਣ ਸਮੇਂ ਤਬਾਹੀ ਮਚਾ ਸਕਦਾ ਹੈ। ਇਸ ਬਾਰੇ ਕੌਮਾਂਤਰੀ ਪੱਧਰ ‘ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ।
ਅਮਰੀਕੀ ਸਰਕਾਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ 21 ਟਨ ਦਾ ਇਹ ਰਾਕਟ ਅੱਠ ਮਈ ਦੇ ਆਸਪਾਸ ਕਦੇ ਵੀ ਧਰਤੀ ਦੇ ਵਾਤਾਵਰਨ ‘ਚ ਪ੍ਰਵੇਸ਼ ਕਰ ਸਕਦਾ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਰਾਕਟ ਦੇ ਵਾਤਾਵਰਨ ‘ਚ ਮੁੜ ਤੋਂ ਪ੍ਰਵੇਸ਼ ਕਰਨ ਦੀ ਸੰਭਾਵਿਤ ਤਰੀਕ ਦੱਸਦੇ ਹੋਏ ਕਿਹਾ ਕਿ ਫਿਲਹਾਲ ਇਹ ਦੱਸਣਾ ਮੁਸ਼ਕਲ ਹੈ ਕਿ ਇਹ ਧਰਤੀ ਦੇ ਵਾਤਾਵਰਨ ‘ਚ ਕਿਸ ਇਲਾਕੇ ‘ਚ ਪ੍ਰਵੇਸ਼ ਕਰੇਗਾ। ਸਪੇਸ ਟਰੈਕ ‘ਤੇ ਇਸ ਰਾਕਟ ਦੀ ਸਥਿਤੀ ਬਾਰੇ ਨਿਯਮਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਬਾਰੇ ਜਿਵੇਂ-ਜਿਵੇਂ ਜਾਣਕਾਰੀ ਮਿਲ ਰਹੀ ਹੈ, ਸਰਕਾਰ ਉਸ ਨੂੰ ਮੁਹੱਈਆ ਕਰਵਾਉਂਦੀ ਜਾ ਰਹੀ ਹੈ। ਕਈ ਹੋਰ ਸੈਟੇਲਾਈਟ ਟਰੈਕਰਸ ਨੇ ਵੀ 100 ਫੁੱਟ ਲੰਬੇ ਅਤੇ 16 ਫੁੱਟ ਚੌੜੇ ਰਾਕਟ ਬਾਰੇ ਦੱਸਿਆ ਹੈ। ਇਸ ਨੂੰ 2021-035ਬੀ ਨਾਂ ਦਿੱਤਾ ਗਿਆ ਹੈ। ਇਹ ਪ੍ਰਤੀ ਸੈਕਿੰਡ ਚਾਰ ਮੀਲ ਦੀ ਰਫ਼ਤਾਰ ਨਾਲ ਯਾਤਰਾ ਕਰ ਰਿਹਾ ਹੈ।
ਉਧਰ, ਚੀਨ ਨੇ ਇਸ ਖ਼ਦਸ਼ੇ ਤੋਂ ਇਨਕਾਰ ਕੀਤਾ ਹੈ ਤੇ ਉਸ ਦਾ ਕਹਿਣ ਹੈ ਕਿ ਇਹ ਸਮੁੰਦਰੀ ਹਿੱਸੇ ‘ਚ ਹੀ ਡਿੱਗੇਗਾ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।