ਕਿਮ ਜੋਂਗ-ਉਨ ਵੱਲੋਂ ਹੋਰ ਮਿਜ਼ਾਈਲਾਂ ਦਾਗ਼ਣ ਦੀ ਚੇਤਾਵਨੀ

0
810

ਸਿਓਲ, 30 ਅਗਸਤ : ਉੱਤਰ ਕੋਰੀਆ ਦੇ ਆਗੂ ਕਿਮ ਜੋਂਗ-ਉਨ ਨੇ ਦਾਅਵਾ ਕੀਤਾ ਹੈ ਕਿ ਜਪਾਨ ਦੇ ਉਪਰੋਂ ਮਿਜ਼ਾਈਲ ਦਾਗ਼ਣਾ ਇਕ ਝਲਕ ਸੀ ਅਤੇ ਉਹ ਹੋਰ ਮਿਜ਼ਾਈਲਾਂ ਦਾਗ਼ੇਗਾ। ਸੰਯੁਕਤ ਰਾਸ਼ਟਰ ਨੇ ਉੱਤਰ ਕੋਰੀਆ ਦੇ ਕਦਮ ਦੀ ਸਖ਼ਤ ਨਿਖੇਧੀ ਕੀਤੀ ਹੈ ਜਦਕਿ ਅਮਰੀਕਾ ਨੇ ਮਾੜੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਹਵਾਸੋਂਗ-12 ਮੱਧਮ ਦੂਰੀ ਦੀ ਮਿਜ਼ਾਈਲ ਨੂੰ ਪਯੋਂਗਯੈਂਗ ਨੇ ਕੱਲ ਦਾਗ਼ਿਆ ਸੀ ਜੋ ਜਪਾਨ ਉਪਰੋਂ ਲੰਘਦੀ ਹੋਈ ਸਮੁੰਦਰ ’ਚ ਡਿੱਗ ਪਈ ਸੀ। ਇਸ ਨਾਲ ਤਣਾਅ ਹੋਰ ਵੱਧ ਗਿਆ ਹੈ। ਪਿਛਲੇ ਹਫ਼ਤੇ ਉੱਤਰ ਕੋਰੀਆ ਨੇ ਅਮਰੀਕੀ ਖੇਤਰ ਵਾਲੇ ਗੁਆਮ ਵਲ ਤਿੰਨ ਮਿਜ਼ਾਈਲਾਂ ਦਾਗ਼ੀਆਂ ਸਨ ਜੋ ਨਾਕਾਮ ਰਹੀਆਂ ਸਨ। ਨਵੇਂ ਘਟਨਾਕ੍ਰਮ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਫ਼ੌਜੀ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਹੈ। ਸਯੁੰਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ, ਜਿਸ ਨੇ ਪਯੋਂਗਯੈਂਗ ’ਤੇ ਸੱਤ ਤਰ੍ਹਾਂ ਦੀਆਂ ਪਾਬੰਦੀਆਂ ਥੋਪੀਆਂ ਹੋਈਆਂ ਹਨ, ਨੇ ਸਰਬਸੰਮਤੀ ਨਾਲ ਕਿਹਾ ਕਿ ਉੱਤਰ ਕੋਰੀਆ ਦੀ ਭੜਕਾਊ ਕਾਰਵਾਈ ਨਾ ਸਿਰਫ਼ ਖ਼ਿੱਤੇ ਲਈ ਖ਼ਤਰਾ ਹੈ ਸਗੋਂ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਨੂੰ ਵੀ ਇਸ ਤੋਂ ਖ਼ਤਰਾ ਖੜ੍ਹਾ ਹੋ ਗਿਆ ਹੈ। ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ’ਚ ਅਮਰੀਕੀ ਸਫ਼ੀਰ ਨਿੱਕੀ ਹੇਲੀ ਨੇ ਚੇਤਾਵਨੀ ਦਿੱਤੀ ਕਿ ਹੁਣ ਬਹੁਤ ਹੋ ਗਿਆ ਅਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
ਉੱਤਰ ਕੋਰੀਆ ਦੇ ਅਹਿਮ ਭਾਈਵਾਲਾਂ ਚੀਨ ਅਤੇ ਰੂਸ ਨੇ ਵੀ ਸੰਯੁਕਤ ਰਾਸ਼ਟਰ ਪੱਖੀ ਐਲਾਨਨਾਮੇ ਦੀ ਹਮਾਇਤ ਕੀਤੀ ਹੈ। ਉੱਤਰ ਕੋਰੀਆ ਦੀ ਹਾਕਮ ਪਾਰਟੀ ਦੇ ਮੁੱਖ ਪੱਤਰ ਰੋਡੋਂਗ ਸਿਨਮੁਨ ਨੇ ਅੱਜ ਪਯੋਂਗਯੈਂਗ ਨੇੜੇ ਦੀਆਂ 20 ਤੋਂ ਵੱਧ ਤਸਵੀਰਾਂ ਲਾਈਆਂ ਹਨ। ਇਕ ਤਸਵੀਰ ’ਚ ਕਿਮ ਮੇਜ਼ ’ਤੇ ਪਏ ਨਕਸ਼ੇ ਨੂੰ ਦੇਖ ਕੇ ਮੁਸਕਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਕ ਹੋਰ ਤਸਵੀਰ ’ਚ ਉਹ ਮਿਜ਼ਾਈਲ ਨੂੰ ਹਵਾ ’ਚ ਜਾਂਦੇ ਹੋਏ ਦੇਖ ਰਿਹਾ ਹੈ। -ਏਐਫਪੀ